ਹਰਿਆਣਾ ਦੇ ਆਦਮਪੁਰ ਦੀ ਜ਼ਿਮਨੀ ਚੋਣ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਜੇਲ੍ਹ ‘ਚ ਬੰਦ ਡੇਰਾ ਸੱਦਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਵੇਗਾ। ਡੇਰਾ ਮੁਖੀ ਦੇ ਪਰਿਵਾਰ ਨੇ ਰਾਮ ਰਹੀਮ ਨੂੰ ਪੈਰੋਲ ਦੇਣ ਲਈ ਹਰਿਆਣਾ ਸਰਕਾਰ ਨੂੰ ਅਰਜ਼ੀ ਦਿੱਤੀ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਇਸ ਮਾਮਲੇ ‘ਚ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਪੈਰੋਲ ਨੂੰ ਆਦਮਪੁਰ ਉਪ ਚੋਣ ਅਤੇ ਪੰਚਾਇਤੀ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਯਾਦ ਰਹੇ ਕਿ ਇਸ ਸਮੇਂ ਡੇਰਾ ਮੁਖੀ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹੈ। ਉਹ ਸਾਧਵੀ ਜਿਨਸੀ ਸ਼ੋਸ਼ਣ, ਪੱਤਰਕਾਰ ਛਤਰਪਤੀ ਅਤੇ ਰਣਜੀਤ ਸਿੰਘ ਕਤਲ ਕੇਸ ‘ਚ ਸਜ਼ਾ ਕੱਟ ਰਿਹਾ ਹੈ। ਇਸ ਦੇ ਨਾਲ ਹੀ ਪੈਰੋਲ ‘ਤੇ ਆਉਣ ਤੋਂ ਬਾਅਦ ਡੇਰਾ ਮੁਖੀ ਸਿਰਸਾ ਜਾਂ ਰਾਜਸਥਾਨ ਦੇ ਡੇਰੇ ‘ਚ ਰਹੇਗਾ। ਇਸ ਸਬੰਧੀ ਡੇਰਾ ਪ੍ਰਬੰਧਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਰਾਮ ਰਹੀਮ 2021 ‘ਚ 3 ਵਾਰ ਤੇ 2022 ‘ਚ 2 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਫਰਵਰੀ 2022 ‘ਚ ਡੇਰਾ ਮੁਖੀ ਨੇ 21 ਦਿਨਾਂ ਦੀ ਫਰਲੋ ਲਈ ਸੀ। ਇਸ ਤੋਂ ਬਾਅਦ ਜੂਨ ‘ਚ ਇਕ ਮਹੀਨੇ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਹੁਣ ਦਸੰਬਰ ਤੋਂ ਪਹਿਲਾਂ ਕਰੀਬ 40 ਦਿਨਾਂ ਲਈ ਪੈਰੋਲ ਲੈ ਸਕਦਾ ਹੈ। ਨਿਯਮਾਂ ਮੁਤਾਬਕ ਡੇਰਾ ਮੁਖੀ ਨੂੰ ਸਾਲ ‘ਚ ਕਰੀਬ 90 ਦਿਨ ਦੀ ਜੇਲ੍ਹ ਤੋਂ ਰਿਹਾਈ ਮਿਲ ਸਕਦੀ ਹੈ। ਇਸ ‘ਚ 21 ਦਿਨਾਂ ਦੀ ਫਰਲੋ ਅਤੇ 70 ਦਿਨਾਂ ਦੀ ਪੈਰੋਲ ਸ਼ਾਮਲ ਹੈ। ਜੇਲ੍ਹ ਤੋਂ ਲਿਖੇ ਆਪਣੇ ਪੱਤਰਾਂ ‘ਚ ਡੇਰਾ ਮੁਖੀ ਨੇ ਪੈਰੋਕਾਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਦੀਆਂ ਇੱਛਾਵਾਂ ਜਲਦੀ ਪੂਰੀਆਂ ਹੋਣ ਵਾਲੀਆਂ ਹਨ।