ਕੈਨੇਡਾ ਅੰਦਰ ਸੜਕ ਹਾਦਸਿਆਂ ‘ਚ ਟਰੱਕ ਡਰਾਈਵਰਾਂ ਦੀ ਮੌਤ ਦਰ ‘ਚ ਵਾਧਾ ਹੋਇਆ ਹੈ ਅਤੇ ਹਾਦਸੇ ਸਮੇਂ ਟਰੱਕ ਟਰੇਲਰ ‘ਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਧੀਆਂ ਹਨ। ਹੁਣ ਇਕ ਹੋਰ ਅਜਿਹੀ ਘਟਨਾ ਵਾਪਰੀ ਹੈ ਜਿਸ ‘ਚ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ ਜੋ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਰੌਂਤਾ ਦਾ ਰਹਿਣ ਵਾਲਾ ਸੀ। ਵੇਰਵਿਆਂ ਅਨੁਸਾਰ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰੌਂਤਾ ਦੇ ਕਰਤਾਰ ਸਿੰਘ ਦੇ ਪੋਤਰੇ 37 ਸਾਲਾ ਸੁਖਮੰਦਰ ਸਿੰਘ ਉਰਫ ਮਿੰਦਾ ਦੀ ਵੈਨਕੂਵਰ ਇਲਾਕੇ ‘ਚ ਟਰੇਲਰ ਨੂੰ ਅੱਗ ਲੱਗਣ ਕਾਰਨ ਮੌਤ ਹੋਈ ਹੈ। ਮ੍ਰਿਤਕ ਸੁਖਮੰਦਰ ਸਿੰਘ ਉਰਫ ਮਿੰਦਾ ਦੇ ਤਾਏ ਦੇ ਪੁੱਤਰ ਰਜਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਮਿੰਦਾ ਟਰੇਲਰ ਹੋਮ ‘ਚ ਰਹਿੰਦਾ ਸੀ। ਉਸ ‘ਚ ਗੈਸ ਲੀਕ ਹੋਣ ਨਾਲ ਅੱਗ ਲੱਗਣ ਕਰਕੇ ਉਸਦੀ ਮੌਤ ਹੋ ਗਈ। ਢਾਈ ਦਹਾਕੇ ਪਹਿਲਾਂ ਕੈਨੇਡਾ ਗਏ ਸੁਖਮੰਦਰ ਸਿੰਘ ਦੇ ਮਾਪੇ ਵੀ ਕਨੇਡਾ ‘ਚ ਰਹਿੰਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।