ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਜਲਦ ਹੀ ਇੰਗਲੈਂਡ ‘ਚ ਹੋਣ ਵਾਲੀ ਕਾਊਂਟੀ ਚੈਂਪੀਅਨਸ਼ਿਪ 2023 ‘ਚ ਖੇਡਦੇ ਨਜ਼ਰ ਆਉਣਗੇ। ਖੱਬੇ ਹੱਥ ਦੇ ਇਸ ਗੇਂਦਬਾਜ਼ ਨੂੰ ਮਸ਼ਹੂਰ ਕਲੱਬ ਕੈਂਟ ਨੇ ਸਾਈਨ ਕੀਤਾ ਹੈ। ਅਰਸ਼ਦੀਪ ਜੂਨ ਅਤੇ ਜੁਲਾਈ ‘ਚ ਕੈਂਟ ‘ਚ ਪੰਜ ਮੈਚ ਖੇਡੇਗਾ। ਕੈਂਟ ਨੇ ਇਸ ਸੀਜ਼ਨ ਲਈ ਤਿੰਨ ਵਿਦੇਸ਼ੀ ਖਿਡਾਰੀਆਂ ਦੀ ਚੋਣ ਕੀਤੀ ਹੈ ਜਿਸ ‘ਚ ਜਾਰਜ ਲਿੰਡੇ ਅਤੇ ਕੇਨ ਰਿਚਰਡਸਨ ਵੀ ਸ਼ਾਮਲ ਹਨ। ਕੈਂਟ ਮੈਨੇਜਮੈਂਟ ਦੇ ਪਾਲ ਡਾਊਨਟਨ ਨੇ ਕਿਹਾ ਕਿ ਅਰਸ਼ਦੀਪ ਨੇ ਦਿਖਾਇਆ ਹੈ ਕਿ ਉਸ ਕੋਲ ਚਿੱਟੀ ਗੇਂਦ ਨਾਲ ਵਿਸ਼ਵ ਪੱਧਰੀ ਹੁਨਰ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਕਾਊਂਟੀ ਚੈਂਪੀਅਨਸ਼ਿਪ ‘ਚ ਲਾਲ ਗੇਂਦ ਨਾਲ ਇਨ੍ਹਾਂ ਹੁਨਰਾਂ ਦਾ ਵਧੀਆ ਇਸਤੇਮਾਲ ਕਰ ਸਕੇਗਾ। ਪਾਲ ਡਾਊਨਟਨ ਨੇ ਕਿਹਾ ਕਿ ਭਾਵੇਂ ਅਰਸ਼ਦੀਪ ਨੇ ਹੁਣ ਤੱਕ ਸਿਰਫ਼ ਸੱਤ ਪਹਿਲੇ ਦਰਜੇ ਦੇ ਮੈਚ ਹੀ ਖੇਡੇ ਹਨ ਪਰ ਉਸ ਦੇ ਹਾਲੀਆ ਪ੍ਰਦਰਸ਼ਨਾਂ ‘ਚ ਵਾਧਾ ਹੋਇਆ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਦੱਸਦੇਈਏ ਕਿ ਅਰਸ਼ਦੀਪ ਨੇ ਪਿਛਲੇ ਸਾਲ ਟੀ-20 ਅਤੇ ਵਨਡੇ ‘ਚ ਇੰਡੀਆ ਲਈ ਡੈਬਿਊ ਕੀਤਾ ਸੀ। ਉਹ ਹੁਣ ਤੱਕ 29 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ। ਉਹ ਕੈਂਟ ਦੀ ਨੁਮਾਇੰਦਗੀ ਕਰਨ ਵਾਲਾ ਚੌਥਾ ਭਾਰਤੀ ਖਿਡਾਰੀ ਵੀ ਬਣ ਗਿਆ। ਕੈਂਟ ਤੋਂ ਕਰਾਰ ਮਿਲਣ ‘ਤੇ ਅਰਸ਼ਦੀਪ ਨੇ ਕਿਹਾ ਕਿ ਮੈਂ ਇੰਗਲੈਂਡ ‘ਚ ਰੈੱਡ-ਬਾਲ ਕ੍ਰਿਕਟ ਖੇਡਣ ਲਈ ਉਤਸ਼ਾਹਿਤ ਹਾਂ। ਮੈਂ ਪਹਿਲੇ ਦਰਜੇ ਦੀ ਖੇਡ ‘ਚ ਆਪਣੇ ਹੁਨਰ ‘ਚ ਸੁਧਾਰ ਕਰਨਾ ਜਾਰੀ ਰੱਖਾਂਗਾ। ਉਸ ਨੇ ਕਿਹਾ ਕਿ ਕੈਂਟ ਦੇ ਮੈਂਬਰਾਂ ਅਤੇ ਸਮਰਥਕਾਂ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਕਰਦਾ ਹਾਂ ਤੇ ਰਾਹੁਲ ਦ੍ਰਾਵਿੜ ਮੈਨੂੰ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਇਹ ਸ਼ਾਨਦਾਰ ਇਤਿਹਾਸ ਵਾਲਾ ਕਲੱਬ ਹੈ।