ਬਰਤਾਨੀਆ ਦੀ ਨਵੀਂ ਬਣੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਦੇ ਪਿਤਾ ਕ੍ਰਿਸਟੀ ਫਰਨਾਂਡੇਜ਼ ਦੀ ਗੋਆ ‘ਚ ਜੱਦੀ ਜਾਇਦਾਦ ‘ਤੇ ਕਿਸੇ ਨੇ ਕਬਜ਼ਾ ਕਰ ਲਿਆ ਹੈ। ਬ੍ਰੇਵਰਮੈਨ ਦੇ ਪਿਤਾ ਫਰਨਾਂਡੇਜ਼ ਦੀ ਸ਼ਿਕਾਇਤ ‘ਤੇ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ.ਪੀ. (ਕ੍ਰਾਈਮ ਬ੍ਰਾਂਚ) ਨਿਧੀਨ ਵਲਸਾਨ ਦੀ ਅਗਵਾਈ ਹੇਠ ਜੁਲਾਈ ‘ਚ ਵਿਸ਼ੇਸ਼ ਜਾਂਚ ਟੀਮ ਬਣਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ‘ਸਿਟ’ ਬਣਨ ਤੋਂ ਬਾਅਦ ਉਸ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਵਲਸਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੋਆ ਪੁਲੀਸ ਨੂੰ ਕ੍ਰਿਸਟੀ ਫਰਨਾਂਡੇਜ਼ ਤੋਂ ਅਸਾਗੋ ‘ਚ ਜੱਦੀ ਜਾਇਦਾਦ ‘ਤੇ ਕਬਜ਼ੇ ਬਾਰੇ ਸ਼ਿਕਾਇਤ ਮਿਲੀ ਹੈ। ਸੂਤਰਾਂ ਨੇ ਕਿਹਾ ਕਿ ਜਦੋਂ ਫਰਨਾਂਡੇਜ਼ ਨੂੰ ਜ਼ਮੀਨਾਂ ‘ਤੇ ਕਬਜ਼ੇ ਦੇ ਕੇਸਾਂ ਦੀ ਜਾਂਚ ਲਈ ‘ਸਿਟ’ ਬਣਾਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਗੋਆ ਪੁਲੀਸ ਕੋਲ ਸ਼ਿਕਾਇਤ ਦਿੱਤੀ ਸੀ। ਸੂਤਰਾਂ ਨੇ ਕਿਹਾ ਕਿ ਜਾਇਦਾਦ ਫਰਨਾਂਡੇਜ਼ ਅਤੇ ਹੋਰਾਂ ਦੀ ਹੈ। ਵਿਦੇਸ਼ ਰਹਿੰਦੇ ਲੋਕਾਂ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਏ ਜਾਣ ਮਗਰੋਂ ‘ਸਿਟ’ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਰਿਕਾਰਡ ਚੈੱਕ ਕਰਕੇ ਤੈਅ ਕਰਨ ਕਿ ਜ਼ਮੀਨ ਅਜੇ ਵੀ ਉਨ੍ਹਾਂ ਦੇ ਕਬਜ਼ੇ ‘ਚ ਹੈ ਜਾਂ ਫਿਰ ਉਹ ਇਸ ਦੀ ਸ਼ਿਕਾਇਤ ਦਰਜ ਕਰਾਉਣ।