ਪਾਕਿਸਤਾਨ ‘ਚ ਟੈਸਟ ਸੀਰੀਜ਼ ਖੇਡਣ ਆਈ ਇੰਗਲੈਂਡ ਦੀ ਕ੍ਰਿਕਟ ਟੀਮ ਨੇ ਪਹਿਲਾ ਟੈਸਟ ਜਿੱਤਣ ਮਗਰੋਂ ਮੁਲਤਾਨ ‘ਚ ਦੂਜਾ ਟੈਸਟ ਖੇਡਣਾ ਹੈ, ਪਰ ਉਸ ਤੋਂ ਪਹਿਲਾਂ ਉਥੇ ਫਾਇਰਿੰਗ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਹੋਟਲ ‘ਚ ਇੰਗਲੈਂਡ ਦੀ ਟੀਮ ਰੁਕੀ ਹੋਈ ਹੈ, ਉਥੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਦਾਅਵਾ ਕੀਤਾ ਗਿਆ ਸੀ ਕਿ ਹੋਟਲ ਤੋਂ ਲਗਭਗ ਇਕ ਕਿਲੋਮੀਟਰ ਦੂਰ ਸਥਾਨਕ ਗਿਰੋਹਾਂ ਵਿਚਕਾਰ ਗੋਲੀਬਾਰੀ ਹੋਈ ਸੀ। ਇਸ ਮਾਮਲੇ ‘ਚ ਪੁਲੀਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਜਦਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਹੋਟਲ ਦੇ ਬਾਹਰ ਵੱਡੀ ਗਿਣਤੀ ‘ਚ ਸੁਰੱਖਿਆ ਕਰਮਚਾਰੀ ਤਾਇਨਾਤ ਹੋਣ ਦੇ ਬਾਵਜੂਦ ਇਸ ਘਟਨਾ ਨਾਲ ਡਰ ਦਾ ਮਾਹੌਲ ਬਣ ਗਿਆ ਹੈ। ਪਾਕਿਸਤਾਨ ਨੇ ਅਗਲੇ ਸਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨੀ ਹੈ। ਇੰਡੀਆ ਪਹਿਲਾਂ ਹੀ ਪਾਕਿਸਤਾਨ ‘ਚ ਖ਼ਰਾਬ ਹਾਲਾਤ ਦਾ ਹਵਾਲਾ ਦਿੰਦੇ ਹੋਏ ਖੇਡਣ ਤੋਂ ਇਨਕਾਰ ਕਰ ਚੁੱਕਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਇੰਡੀਆ ਆਉਣ ਤੋਂ ਪਿੱਛੇ ਹਟਣ ਦੀ ਧਮਕੀ ਵੀ ਦਿੱਤੀ ਹੈ। ਇਸ ਦੌਰਾਨ ਅਜਿਹੀਆਂ ਘਟਨਾਵਾਂ ਨਾਲ ਇਕ ਵਾਰ ਫਿਰ ਪਾਕਿਸਤਾਨ ਕ੍ਰਿਕਟ ਬੋਰਡ ਦੀ ਚਿੰਤਾ ਵਧ ਸਕਦੀ ਹੈ। ਪਾਕਿਸਤਾਨੀ ਟੀਮ ਦਾ ਪਿਛਲੇ ਦੋ ਸਾਲਾਂ ‘ਚ ਟੈਸਟ ਮੈਚਾਂ ‘ਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ। ਉਨ੍ਹਾਂ ਨੂੰ ਅੱਗੇ ਵਧਣ ਲਈ ਇੰਗਲੈਂਡ ਖ਼ਿਲਾਫ਼ 2-0 ਨਾਲ ਜਿੱਤ ਦੀ ਲੋੜ ਸੀ। ਪਰ ਬੇਨ ਸਟੋਕਸ ਦੀ ਕਪਤਾਨੀ ਵਾਲੀ ਇੰਗਲੈਂਡ ਨੇ ਰਾਵਲਪਿੰਡੀ ‘ਚ ਖੇਡੇ ਗਏ ਪਹਿਲੇ ਟੈਸਟ ‘ਚ ਪਾਕਿਸਤਾਨ ਨੂੰ ਹਰਾ ਕੇ ਅੱਗੇ ਵਧਣ ਦਾ ਸੁਪਨਾ ਵੀ ਤੋੜ ਦਿੱਤਾ।