ਇੰਡੀਆ ’ਚ ਕੋਵਿਡ-19 ਦੇ 16103 ਨਵੇਂ ਕੇਸਾਂ ਦੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 4,35,02,429 ਹੋ ਗਈ ਹੈ। ਐਤਵਾਰ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਮੰਤਰਾਲੇ ਦੇ ਅੱਪਡੇਟ ਅੰਕਡ਼ਿਆਂ ਅਨੁਸਾਰ 31 ਮਰੀਜ਼ਾਂ ਦੀ ਮੌਤ ਹੋਣ ਨਾਲ ਦੇਸ਼ ’ਚ ਮਰਨ ਵਾਲਿਆਂ ਦੀ ਗਿਣਤੀ 5,25,199 ਹੋ ਗਈ ਹੈ। ਪਿਛਲੇ 24 ਘੰਟਿਆਂ ’ਚ ਦੇਸ਼ ’ਚ ਜਾਨ ਗੁਆਉਣ ਵਾਲੇ 31 ਮਰੀਜ਼ਾਂ ਵਿੱਚੋਂ 14 ਕੇਰਲ ਦੇ ਸਨ। ਇਸ ਤੋਂ ਇਲਾਵਾ ਮਹਾਰਾਸ਼ਟਰ ਤੋਂ ਪੰਜ, ਪੱਛਮੀ ਬੰਗਾਲ ਤੋਂ ਤਿੰਨ, ਦਿੱਲੀ, ਪੰਜਾਬ ਅਤੇ ਉੱਤਰ ਪ੍ਰਦੇਸ਼ ਤੋਂ ਦੋ-ਦੋ ਅਤੇ ਕਰਨਾਟਕ, ਮੱਧ ਪ੍ਰਦੇਸ਼ ਅਤੇ ਮਿਜ਼ੋਰਮ ਤੋਂ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ। ਹਿਮਾਚਲ ਪ੍ਰਦੇਸ਼ ’ਚ ਬੀਤੇ ਕੁਝ ਦਿਨਾਂ ’ਚ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮਈ ਦੇ ਮੁਕਾਬਲੇ ਜੂਨ ਦੇ ਮਹੀਨੇ ’ਚ ਵਾਇਰਸ ਦੇ ਨਵੇਂ ਮਾਮਲਿਆਂ ’ਚ 5 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ’ਚ ਜੁਲਾਈ ਦੇ ਸ਼ੁਰੂਆਤੀ ਦੋ ਦਿਨਾਂ ’ਚ ਕਰੋਨਾ ਦੇ 82 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ ਸਿਹਤ ਵਿਭਾਗ ਮੁਤਾਬਕ ਮਈ ’ਚ ਵਾਇਰਸ ਦੀ ਦਰ 0.8 ਫ਼ੀਸਦੀ ਸੀ, ਜੋ ਕਿ ਜੁਲਾਈ ’ਚ ਵਧ ਕੇ 6.6 ਫ਼ੀਸਦੀ ਹੋ ਗਈ। ਵਾਇਰਸ ਦੀ ਦਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਾਂਗਡ਼ਾ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਗੁਰਦਰਸ਼ਨ ਗੁਪਤਾ ਨੇ ਜ਼ਿਲ੍ਹੇ ’ਚ ਕਰੋਨਾ ਦੇ ਮਾਮਲਿਆਂ ਨੂੰ ਲੈ ਕੇ ਐਤਵਾਰ ਨੂੰ ਅਲਰਟ ਜਾਰੀ ਕੀਤਾ। ਡਾ. ਗੁਪਤਾ ਨੇ ਕਿਹਾ ਕਿ ਹਾਲ ਦੇ ਕੁਝ ਦਿਨਾਂ ’ਚ ਕਰੋਨਾ ਦੇ ਨਵੇਂ ਮਾਮਲਿਆਂ ’ਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ’ਚ ਅਪ੍ਰੈਲ ਮਹੀਨੇ ’ਚ ਵਾਇਰਸ ਦੇ 93 ਮਾਮਲੇ ਦਰਜ ਕੀਤੇ ਗਏ ਅਤੇ ਮਈ ’ਚ ਇਹ ਅੰਕਡ਼ਾ 86 ਸੀ ਜੋ ਕਿ ਜੂਨ ’ਚ ਅਚਾਨਕ ਵਧ ਕੇ 426 ਹੋ ਗਿਆ। ਜੁਲਾਈ ਦੇ ਸਿਰਫ਼ ਦੋ ਦਿਨਾਂ ’ਚ ਕਰੋਨਾ ਦੇ 82 ਨਵੇਂ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਵਾਇਰਸ ਦੀ ਦਰ ਮਈ ’ਚ 0.8 ਤੋਂ ਵਧ ਕੇ ਜੁਲਾਈ ਦੀ ਸ਼ੁਰੂਆਤ ’ਚ 6.6 ਹੋ ਗਈ ਹੈ।