ਰੋਮਾਂਚਕ ਪੈਨਲਟੀ ਸ਼ੂਟਆਊਟ ‘ਚ ਆਸਟਰੇਲੀਆ ਨੂੰ 5-4 ਨਾਲ ਹਰਾ ਕੇ ਇੰਡੀਆ ਦੀ ਪੁਰਸ਼ਾਂ ਦੀ ਜੂਨੀਅਰ ਹਾਕੀ ਟੀਮ ਨੇ ਸੁਲਤਾਨ ਜੌਹਰ ਕੱਪ ‘ਤੇ ਕਬਜ਼ਾ ਕਰ ਲਿਆ ਹੈ। ਇੰਡੀਆ ਪਹਿਲਾਂ ਵੀ ਦੋ ਵਾਰ ਚੈਂਪੀਅਨ ਰਹਿ ਚੁੱਕਾ ਹੈ। ਇਸ ਤਰ੍ਹਾਂ ਇੰਡੀਆ ਨੇ ਟੂਰਨਾਮੈਂਟ ‘ਚ ਪੰਜ ਸਾਲ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਕਰ ਦਿੱਤਾ। ਦੋਵੇਂ ਟੀਮਾਂ ਨਿਯਮਿਤ ਸਮੇਂ ‘ਚ 1-1 ਦੀ ਬਰਾਬਰੀ ਉਤੇ ਸਨ। ਇਸ ਤੋਂ ਬਾਅਦ ਸ਼ੂਟਆਊਟ ਹੋਇਆ ਜਿਸ ‘ਚ ਦੋਵੇਂ ਟੀਮਾਂ 3-3 ਦੀ ਬਰਾਬਰੀ ਉਤੇ ਪਹੁੰਚ ਗਈਆਂ। ਇਸ ਤੋਂ ਬਾਅਦ ਮੈਚ ‘ਸਡਨ ਡੈੱਥ’ ਉਤੇ ਪਹੁੰਚ ਗਿਆ। ਉੱਤਮ ਸਿੰਘ ਨੇ ਸ਼ੂਟਆਊਟ ‘ਚ ਦੋ ਗੋਲ ਦਾਗੇ ਜਿਸ ਵਿੱਚ ‘ਸਡਨ ਡੈੱਥ’ ਵਿੱਚ ਕੀਤਾ ਗਿਆ ਗੋਲ ਵੀ ਸ਼ਾਮਲ ਸੀ। ਉਥੇ ਹੀ ਵਿਸ਼ਣੂਕਾਂਤ ਸਿੰਘ, ਅੰਕਿਤ ਪਾਲ, ਸੁਦੀਪ ਚਿਰਮਾਕੋ ਨੇ ਵੀ ਗੋਲ ਕੀਤੇ। ਆਸਟਰੇਲੀਆ ਵੱਲੋਂ ਬਰਨਸ ਕੂਪਰ, ਫੋਸਟਰ ਬਰੋਡੀ, ਬਰੁੱਕਸ ਜੋਸ਼ੂਆ ਤੇ ਹਾਰਟ ਲਿਆਮ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਸੁਦੀਪ ਨੇ 13ਵੇਂ ਮਿੰਟ ‘ਚ ਗੋਲ ਕਰ ਕੇ ਇੰਡੀਆ ਨੂੰ ਲੀਡ ਦਿਵਾਈ। ਪਰ ਜੈਕ ਹੋਲਾਡ ਨੇ 28ਵੇਂ ਮਿੰਟ ‘ਚ ਗੋਲ ਕਰ ਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ਉਤੇ ਲਿਆ ਖੜ੍ਹਾ ਕੀਤਾ। ਇੰਡੀਆ ਨੇ ਉਮਰ ਗਰੁੱਪ ‘ਚ ਟੂਰਨਾਮੈਂਟ ਦੋ ਵਾਰ 2013 ਤੇ 2014 ‘ਚ ਜਿੱਤਿਆ ਸੀ।