ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਵਨਡੇ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ ਜੋ ਮੇਜ਼ਬਾਨ ਇੰਡੀਆ ਨੇ 12 ਦੌੜਾਂ ਨਾਲ ਹਰਾ ਜਿੱਤ ਲਿਆ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ੁਭਮਨ ਗਿੱਲ ਦੇ ਸ਼ਾਨਦਾਰ ਦੋਹਰੇ ਸੈਂਕੜੇ ਦੀ ਬਦੌਲਤ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 349 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 350 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ੁਭਮਨ ਗਿੱਲ ਨੇ ਆਪਣੀ ਸ਼ਾਨਦਾਰ 208 ਦੌੜਾਂ ਦੀ ਪਾਰੀ ਦੇ ਦੌਰਾਨ 19 ਚੌਕੇ ਤੇ 9 ਛੱਕੇ ਲਗਾਏ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 49.2 ਓਵਰਾਂ ‘ਚ 10 ਵਿਕਟਾਂ ਦੇ ਨੁਕਸਾਨ ‘ਤੇ 337 ਦੌੜਾਂ ਹੀ ਬਣਾ ਸਕੀ ਅਤੇ ਇੰਡੀਆ ਨੇ ਇਹ ਮੈਚ 12 ਦੌੜਾਂ ਨਾਲ ਜਿੱਤ ਲਿਆ। ਇੰਡੀਆ ਵੱਲੋਂ ਮੁਹੰਮਦ ਸਿਰਾਜ ਨੇ 4, ਕੁਲਦੀਪ ਯਾਦਵ ਨੇ 2 ਤੇ ਸ਼ਾਰਦੁਲ ਠਾਕੁਰ ਨੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਡੇਨੌਨ ਕੌਨਵੇ 10 ਦੌੜਾਂ ਦੇ ਨਿੱਜੀ ਸਕੋਰ ‘ਤੇ ਸਿਰਾਜ ਵੱਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਦੂਜੀ ਵਿਕਟ ਫਿਨ ਐਲਨ ਦੇ ਤੌਰ ‘ਤੇ ਡਿੱਗੀ। ਫਿਨ 40 ਦੌੜਾਂ ਬਣਾ ਸ਼ਾਰਦੁਲ ਠਾਕੁਰ ਵਲੋਂ ਆਊਟ ਹੋਇਆ। ਨਿਊਜ਼ੀਲੈਂਡ ਦੀ ਤੀਜੀ ਵਿਕਟ ਹੈਨਰੀ ਨਿਕੋਲਸ ਦੇ ਤੌਰ ‘ਤੇ ਡਿੱਗੀ। ਨਿਕੋਲਸ 18 ਦੌੜਾਂ ਦੇ ਨਿੱਜੀ ਸਕੋਰ ‘ਤੇ ਕੁਲਦੀਪ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਨਿਊਜ਼ੀਲੈਂਡ ਨੂੰ ਚੌਥਾ ਝਟਕਾ ਡੈਰਿਲ ਮਿਸ਼ੇਲ ਦੇ ਆਊਟ ਹੋਣ ਨਾਲ ਲੱਗਾ। ਡੈਰਿਲ 9 ਦੌੜਾਂ ਬਣਾ ਕੁਲਦੀਪ ਦਾ ਸ਼ਿਕਾਰ ਬਣਿਆ। ਨਿਊਜ਼ੀਲੈਂਡ ਵਲੋਂ ਬੱਲੇਬਾਜ਼ੀ ਦੌਰਾਨ ਫਿਨ ਐਲਨ ਨੇ 40 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਬਾਅਦ ਨਿਊਜ਼ੀਲੈਂਡ ਦੇ ਖਿਡਾਰੀ ਸਸਤੇ ‘ਚ ਆਉਟ ਹੁੰਦੇ ਗਏ। ਪਰ ਇਸ ਤੋਂ ਬਾਅਦ ਮਾਈਕਲ ਬ੍ਰਾਸਵੇਲ ਨੇ ਮਿਸ਼ੇਲ ਸੈਂਟਰਨ ਦੇ ਨਾਲ ਮੋਰਚਾ ਸੰਭਾਲਿਆ ਪਰ ਮਿਸ਼ੇਲ ਸੈਂਟਨਰ 57 ਦੌੜਾਂ ਦੇ ਨਿੱਜੀ ਸਕੋਰ ‘ਤੇ ਸਿਰਾਜ ਵਲੋਂ ਆਊਟ ਹੋ ਗਏ। ਬ੍ਰੇਸਵੈਲ ਨੇ 140 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।