ਬੰਗਲਾਦੇਸ਼ ਨਾਲ ਖੇਡੀ ਗਈ ਦੋ ਟੈਸਟ ਮੈਚਾਂ ਦੀ ਲੜੀ ਇੰਡੀਆ ਨੇ 2-0 ਨਾਲ ਜਿੱਤ ਲਈ ਹੈ। ਸ਼੍ਰੇਅਸ ਅਈਅਰ ਅਤੇ ਰਵੀਚੰਦਰਨ ਅਸ਼ਵਿਨ ਦੀ ਅੱਠਵੀਂ ਵਿਕਟ ਲਈ 71 ਦੌੜਾਂ ਦੀ ਨਾਬਾਦ ਸਾਂਝੇਦਾਰੀ ਨੇ ਇੰਡੀਆ ਨੂੰ ਦੂਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਮੁਸ਼ਕਲ ਹਾਲਾਤ ‘ਚੋਂ ਕੱਢਿਆ। ਇਹ ਮੈਚ ਇੰਡੀਆ ਨੇ ਤਿੰਨ ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਇੰਡੀਆ ਨੇ ਇਹ ਲੜੀ ਵੀ ਆਪਣੇ ਨਾਮ ਕਰ ਲਈ। 145 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਡੀਆ ਨੇ ਸਵੇਰੇ ਚਾਰ ਵਿਕਟਾਂ ‘ਤੇ 45 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਟੀਮ ਨੇ ਤਿੰਨ ਵਿਕਟਾਂ ਜਲਦੀ ਗੁਆ ਦਿੱਤੀਆਂ ਜਿਸ ਕਰ ਕੇ ਸਕੋਰ ਸੱਤ ਵਿਕਟਾਂ ਦੇ ਨੁਕਸਾਨ ‘ਤੇ 74 ਦੌੜਾਂ ਹੋ ਗਿਆ। ਇਸ ਮਗਰੋਂ ਅਈਅਰ (46 ਗੇਂਦਾਂ ‘ਤੇ ਨਾਬਾਦ 29 ਦੌੜਾਂ) ਅਤੇ ਅਸ਼ਵਿਨ (66 ਗੇਂਦਾਂ ‘ਤੇ ਨਾਬਾਦ 42 ਦੌੜਾਂ) ਨੇ ਪਾਰੀ ਦੀ ਕਮਾਨ ਸੰਭਾਲੀ ਅਤੇ 105 ਗੇਂਦਾਂ ‘ਤੇ 71 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ ਟੀਚੇ ਤੱਕ ਪਹੁੰਚਾਇਆ। ਬੰਗਲਾਦੇਸ਼ ਦੇ ਆਫ ਸਪਿੰਨਰ ਮਹਿਦੀ ਹਸਨ ਮਿਰਾਜ਼ (63 ਦੌੜਾਂ ਦੇ ਕੇ ਪੰਜ ਵਿਕਟਾਂ) ਨੇ ਪੰਜ ਵਿਕਟਾਂ ਲਈਆਂ ਪਰ ਉਸ ਨੂੰ ਹੋਰ ਗੇਂਦਬਾਜ਼ ਕੋਲੋਂ ਬਹੁਤਾ ਸਾਥ ਨਹੀਂ ਮਿਲਿਆ। ਇਸ ਤਰ੍ਹਾਂ ਇੰਡੀਆ ਨੇ ਦੋ ਮੈਚਾਂ ਦੀ ਲੜੀ 2-0 ਨਾਲ ਕਲੀਨ ਸਵੀਪ ਕਰ ਕੇ ਵਰਲਡ ਟੈਸਟ ਚੈਂਪੀਅਨਸ਼ਿਪ ‘ਚ ਵੀ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਪਹਿਲੀ ਪਾਰੀ ‘ਚ 227 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ‘ਚ ਇੰਡੀਆ ਨੇ 314 ਦੌੜਾਂ ਬਣਾ ਕੇ 87 ਦੌੜਾਂ ਦੀ ਲੀਡ ਲਈ ਸੀ। ਇਸ ਮਗਰੋਂ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ ‘ਚ 231 ਦੌੜਾਂ ਬਣਾ ਕੇ ਇੰਡੀਆ ਸਾਹਮਣੇ 145 ਦੌੜਾਂ ਦਾ ਟੀਚਾ ਰੱਖਿਆ ਸੀ, ਜੋ ਇੰਡੀਆ ਨੇ ਸੱਤ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਇਸ ਦੌਰਾਨ ਕਪਤਾਨ ਕੇ.ਐੱਲ. ਰਾਹੁਲ ਦੀ ਖਰਾਬ ਫਾਰਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਰਾਹੁਲ ਨੇ ਚਾਰ ਟੈਸਟ ਪਾਰੀਆਂ ‘ਚ ਸਿਰਫ਼ 14.25 ਦੀ ਔਸਤ ਨਾਲ ਦੌੜਾਂ ਬਣਾਈਆਂ ਜਿਸ ‘ਚ ਕ੍ਰਮਵਾਰ 22, 23, 10 ਅਤੇ 2 ਦੌੜਾਂ ਸਨ। ਤਜਰਬੇਕਾਰ ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ ਦਾ ਮੰਨਣਾ ਹੈ ਕਿ ਟੈਸਟ ਕ੍ਰਿਕਟ ‘ਚ ਰਾਹੁਲ ਦੀ ਔਸਤ ਇਕ ਸਲਾਮੀ ਬੱਲੇਬਾਜ਼ ਲਈ ਗ਼ੈਰ ਮਨਜ਼ੂਰਯੋਗ ਹੈ। ਟੈਸਟ ‘ਚ ਇੰਡੀਆ ਦੀ ਅਗਲੀ ਲੜੀ ਨਾਗਪੁਰ ‘ਚ 3 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਆਸਟਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਲੜੀ ਹੋਵੇਗੀ। ਕਾਰਤਿਕ ਨੂੰ ਲੱਗਦਾ ਹੈ ਕਿ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਰਾਹੁਲ ਲਈ ਕਰੋ ਜਾਂ ਮਰੋ ਵਾਲੀ ਹੋਵੇਗੀ ਅਤੇ ਜੇਕਰ ਸੱਜੇ ਹੱਥ ਦਾ ਬੱਲੇਬਾਜ਼ ਚਾਰ ਮੈਚਾਂ ‘ਚ ਵੱਡੀ ਪਾਰੀ ਖੇਡਣ ‘ਚ ਅਸਫਲ ਰਹਿੰਦਾ ਹੈ ਤਾਂ ਭਾਰਤੀ ਟੀਮ ਨੂੰ ਹੋਰ ਸਲਾਮੀ ਬੱਲੇਬਾਜ਼ਾਂ ‘ਤੇ ਵਿਚਾਰ ਕਰਨਾ ਹੋਵੇਗਾ।