ਇੰਡੋਨੇਸ਼ੀਆ ਦੇ ਪਾਪੂਆ ਸੂਬੇ ’ਚ ਬੰਦੂਕਧਾਰੀਆਂ ਨੇ ਹਮਲਾ ਕਰ 10 ਕਾਰੋਬਾਰੀਆਂ ਦਾ ਕਤਲ ਕਰ ਦਿੱਤਾ ਅਤੇ ਦੋ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ‘ਵੈਸਟ ਪਾਪੂਆ ਲਿਬਰੇਸ਼ਨ ਆਰਮੀ’ ਦੇ ਮੈਂਬਰ ਸਨ ਜੋ ਵੱਖਵਾਦੀ ‘ਫ੍ਰੀ ਪਾਪੂਆ’ ਸੰਗਠਨ ਦੀ ਫੌਜੀ ਸ਼ਾਖਾ ਹੈ। ਪਾਪੂਆ ਪੁਲੀਸ ਦੇ ਬੁਲਾਰੇ ਅਹਿਮਦ ਮੁਸਤਫਾ ਕਮਾਲ ਨੇ ਕਿਹਾ ਕਿ ਲਗਭਗ 20 ਬੰਦੂਕਧਾਰੀ ਨਦੁਗਾ ਜ਼ਿਲ੍ਹੇ ਦੇ ਨੋਗੋਲੇਟ ਪਿੰਡ ’ਚ ਦਾਖਲ ਹੋਏ ਅਤੇ ਉਨ੍ਹਾਂ ਨੇ ਇਕ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੱਤ ਹੋਰ ਕਾਰੋਬਾਰੀਆਂ ਅਤੇ ਚਾਰ ਰਾਹਗੀਰਾਂ ਨੂੰ ਗੋਲੀ ਮਾਰ ਦਿੱਤਾ। ਕਮਾਲ ਨੇ ਕਿਹਾ ਕਿ ਮ੍ਰਿਤਕਾਂ ਚੋਂ ਜ਼ਿਆਦਾਤਰ ਲੋਕ ਇੰਡੋਨੇਸ਼ੀਆ ਦੇ ਟਾਪੂਆਂ ਤੋਂ ਆਏ ਪ੍ਰਵਾਸੀ ਸਨ। ਸੁਰੱਖਿਆ ਬਲਾਂ ਨੇ ਚਾਰ ਵੱਖ-ਵੱਖ ਥਾਵਾਂ ’ਤੇ ਲਾਸ਼ਾਂ ਬਰਾਮਦ ਕੀਤੀਆਂ ਹਨ। ਕਮਾਲ ਨੇ ਕਿਹਾ ਕਿ ਸੱਤ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰਾਂ ਨੇ ਨੇਡ਼ਲੇ ਸਿਹਤ ਕੇਂਦਰ ’ਚ ਦਮ ਤੋਡ਼ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਫੌਜ ਹਮਲਾਵਾਰਾਂ ਦੀ ਭਾਲ ਕਰ ਰਹੀ ਹੈ।