ਅਮਰੀਕਾ ਦੇ ਸੈਨ ਫਰਾਂਸਿਸਕੋ ‘ਚ ਮਸ਼ਹੂਰ ‘ਗੋਲਡਨ ਗੇਟ ਬ੍ਰਿਜ’ ਤੋਂ ਇਕ ਇੰਡੋ-ਅਮਰੀਕਨ ਨੌਜਵਾਨ ਵਿਦਿਆਰਥੀ ਨੇ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਉਸ ਦੇ ਮਾਤਾ-ਪਿਤਾ ਅਤੇ ਅਮਰੀਕਨ ਕੋਸਟ ਗਾਰਡ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲ ‘ਤੇ 16 ਸਾਲਾ ਮੁੰਡੇ ਦੀ ਸਾਈਕਲ, ਫ਼ੋਨ ਅਤੇ ਬੈਗ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀ ਨੇ ਮੰਗਲਵਾਰ ਸ਼ਾਮ ਕਰੀਬ 4.58 ਵਜੇ ਪੁਲ ਤੋਂ ਛਾਲ ਮਾਰ ਦਿੱਤੀ ਸੀ। ਕੋਸਟ ਗਾਰਡ ਨੇ ਕਿਹਾ ਕਿ ਉਨ੍ਹਾਂ ਨੇ ਪੁਲ ਤੋਂ ‘ਕਿਸੇ’ ਦੇ ਛਾਲ ਮਾਰਨ ਦੀ ਸੂਚਨਾ ਮਿਲਣ ਤੋਂ ਬਾਅਦ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਮੁੰਡੇ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਕਮਿਊਨਿਟੀ ਆਗੂ ਅਜੈ ਜੈਨ ਭੂਟੋਰੀਆ ਨੇ ਕਿਹਾ ਕਿ ਕਿਸੇ ਇੰਡੋ-ਅਮਰੀਕੀਨ ਵੱਲੋਂ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ‘ਚ ਗੋਲਡਨ ਬ੍ਰਿਜ ਤੋਂ ਛਾਲ ਮਾਰਨ ਦਾ ਇਹ ਚੌਥਾ ਮਾਮਲਾ ਹੈ। ‘ਬ੍ਰਿਜ ਰੇਲ ਫਾਊਂਡੇਸ਼ਨ’ ਮੁਤਾਬਕ ਪਿਛਲੇ ਸਾਲ 25 ਲੋਕਾਂ ਨੇ ਇਥੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਸੀ। 1937 ‘ਚ ਪੁਲ ਦੇ ਖੁੱਲ੍ਹਣ ਤੋਂ ਬਾਅਦ ਇਥੇ ਲਗਭਗ 2,000 ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ। ਸੂਬਾ ਸਰਕਾਰ 1.7 ਮੀਲ ਲੰਬੇ ਪੁਲ ਦੇ ਦੋਵੇਂ ਪਾਸੇ 20 ਫੁੱਟ ਚੌੜਾ ਲੋਹੇ ਦਾ ਜਾਲ ਲਗਾਉਣ ਦਾ ਕੰਮ ਕਰ ਰਹੀ ਹੈ। ਇਸ ਦਾ ਕੰਮ ਇਸ ਸਾਲ ਜਨਵਰੀ ਤੱਕ ਪੂਰਾ ਹੋਣਾ ਸੀ ਪਰ ਅਜੇ ਤੱਕ ਇਹ ਨਹੀਂ ਹੋ ਸਕਿਆ ਹੈ। ਇਸ ਦੀ ਉਸਾਰੀ ਦੀ ਲਾਗਤ 13.72 ਕਰੋੜ ਡਾਲਰ ਤੋਂ ਵਧ ਕੇ ਲਗਭਗ 38.66 ਕਰੋੜ ਡਾਲਰ ਹੋ ਗਈ ਹੈ। ਇਸ ਪ੍ਰੋਜੈਕਟ ‘ਤੇ ਕੰਮ 2018 ‘ਚ ਸ਼ੁਰੂ ਹੋਇਆ ਸੀ।