ਇੰਡੀਆ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਇੰਟਰਨੈਸ਼ਨਲ ਮੈਚ ਚਟੋਗ੍ਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਇੰਡੀਆ ਨੇ ਬੰਗਲਾਦੇਸ਼ ਨੂੰ 227 ਦੌੜਾਂ ਨਾਲ ਹਰਾ ਦਿੱਤਾ ਹੈ। ਮੈਚ ‘ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਇਸ਼ਾਨ ਕਿਸ਼ਨ ਦੀਆਂ ਸ਼ਾਨਦਾਰ 210 ਦੌੜਾਂ ਤੇ ਵਿਰਾਟ ਕੋਹਲੀ ਦੀਆਂ ਸ਼ਾਨਦਾਰ 113 ਦੌੜਾਂ ਦੀ ਬਦੌਲਤ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 409 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 410 ਦੌੜਾਂ ਦਾ ਟੀਚਾ ਦਿੱਤਾ। ਇੰਡੀਆ ਵਲੋਂ ਇਸ਼ਾਨ ਕਿਸ਼ਨ ਨੇ ਆਪਣੀ 210 ਦੌੜਾਂ ਦੀ ਪਾਰੀ ਦੇ ਦੌਰਾਨ 24 ਚੌਕੇ ਤੇ 10 ਛੱਕੇ ਲਾਏ ਜਦਕਿ ਵਿਰਾਟ ਕੋਹਲੀ ਨੇ ਆਪਣੀ 113 ਦੌੜਾਂ ਦੀ ਪਾਰੀ ਦੇ ਦੌਰਾਨ 11 ਚੌਕੇ ਤੇ 2 ਛੱਕੇ ਲਾਏ। ਬੰਗਲਾਦੇਸ਼ ਵਲੋਂ ਤਸਕਿਨ ਅਹਿਮਦ ਨੇ 2, ਮੇਹਿਦੀ ਹਸਨ ਨੇ 1, ਇਬਾਦਤ ਹੁਸੈਨ ਨੇ 2, ਸ਼ਾਕਿਬ ਅਲ ਹਸਨ 1 ਵਿਕਟ ਲਈ। ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ 34 ਓਵਰਾਂ ‘ਚ 10 ਵਿਕਟਾਂ ਗੁਆ ਕੇ 182 ਦੌੜਾਂ ਹੀ ਬਣਾ ਸਕੀ ਤੇ 227 ਦੌੜਾਂ ਨਾਲ ਇਹ ਮੈਚ ਹਾਰ ਗਈ। ਬੰਗਲਾਦੇਸ਼ ਵਲੋਂ ਸ਼ਾਕਿਬ ਅਲ ਹਸਨ ਨੇ 43, ਲਿਟਨ ਦਾਸ ਨੇ 29, ਯਾਸਿਰ ਅਲੀ ਨੇ 25 ਤੇ ਮਹਿਮੁਦੁੱਲ੍ਹਾ ਨੇ 20 ਦੌੜਾਂ ਬਣਾਈਆਂ। ਬਾਕੀ ਦੇ ਬੱਲੇਬਾਜ਼ ਤਾਂ ਦਹਾਈ ਦਾ ਅੰਕੜਾ ਵੀ ਪਾਰ ਨਾ ਕਰ ਸਕੇ ਤੇ ਤੂੰ ਚੱਲ ਤੇ ਮੈਂ ਆਇਆ ਵਾਂਗ ਛੇਤੀ-ਛੇਤੀ ਆਊਟ ਹੁੰਦੇ ਗਏ। ਇੰਡੀਆ ਵਲੋਂ ਮਹੁੰਮਦ ਸਿਰਾਜ ਨੇ 1, ਸ਼ਾਰਦੁਲ ਠਾਕੁਰ ਨੇ 3, ਅਕਸ਼ਰ ਪਟੇਲ ਨੇ 2, ਉਮਰਾਨ ਮਲਿਕ ਨੇ 1, ਕੁਲਦੀਪ ਯਾਦਵ ਨੇ 1 ਤੇ ਵਾਸ਼ਿੰਗਟਨ ਸੁੰਦਰ ਨੇ 1 ਵਿਕਟ ਲਈਆਂ। ਜ਼ਿਕਯੋਗ ਹੈ ਕਿ ਬੰਗਲਾਦੇਸ਼ ਪਹਿਲਾਂ ਹੀ ਦੋ ਵਨ-ਡੇ ਮੈਚ ਜਿੱਤ ਕੇ ਸੀਰੀਜ਼ ਜਿੱਤ ਚੁੱਕਾ ਹੈ ਜਦਕਿ ਇੰਡੀਆ ਨੇ ਇਹ ਤੀਜਾ ਮੈਚ ਵੱਡੇ ਫਰਕ ਨਾਲ ਜਿੱਤ ਕੇ ਆਪਣਾ ਸਨਮਾਨ ਬਚਾਇਆ ਹੈ।