ਈਟੋਬੀਕੋ ਦੇ ਮਿਮੀਕੋ ਇਲਾਕੇ ‘ਚ ਰਾਤ ਸਮੇਂ ਹੋਈ ਫਾਇਰਿੰਗ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇਕ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਟੋਰਾਂਟੋ ਪੁਲੀਸ ਦਾ ਕਹਿਣਾ ਹੈ ਕਿ ਵੀਰਵਾਰ ਰਾਤ ਨੂੰ ਮਿਮੀਕੋ ਇਲਾਕੇ ‘ਚ ਇਹ ਗੋਲੀਬਾਰੀ ਹੋਈ। ਪੁਲੀਸ ਅਧਿਕਾਰੀਆਂ ਮੁਤਾਬਕ ਰਾਤ ਨੂੰ ਕਰੀਬ ਸਾਢੇ ਅੱਠ ਵਜੇ ਮਿਮੀਕੋ ਐਵੇਨਿਊ ਤੇ ਲੇਕ ਸ਼ੋਰ ਬੁਲੇਵਾਰਡ ਵੈਸਟ ਖੇਤਰ ‘ਚ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਪੁਲੀਸ ਨੇ ਇਹ ਵੀ ਦੱਸਿਆ ਕਿ ਅਜਿਹੀਆਂ ਰਿਪੋਰਟਾਂ ਸਨ ਕਿ ਕਈ ਲੋਕ ਲੜ ਰਹੇ ਸਨ ਅਤੇ ਹਥਿਆਰ ਦੇਖੇ ਗਏ ਸਨ। ਉਨ੍ਹਾਂ ਨੇ ਬਾਅਦ ‘ਚ ਪੁਸ਼ਟੀ ਕੀਤੀ ਕਿ ਪੈਰਾਮੈਡਿਕਸ ਦੁਆਰਾ ਜੀਵਨ ਬਚਾਉਣ ਦੇ ਉਪਾਵਾਂ ਦੇ ਬਾਵਜੂਦ ਇਕ ਵਿਅਕਤੀ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਇਕ ਹੋਰ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਹੈ ਜਿਸ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਫਾਇਰਿੰਗ ਮਗਰੋਂ ਅਮੋਸ ਵੇਟਸ ਪਾਰਕ ਦੀ ਪਾਰਕਿੰਗ ‘ਚ ਕਈ ਪੁਲੀਸ ਕਰੂਜ਼ਰਾਂ ਨੂੰ ਦੇਖਿਆ ਗਿਆ। ਫਾਇਰਿੰਗ ਵਾਲੀ ਥਾਂ ਨੇੜਲੇ ਲੋਕਾਂ ਨੇ ਕਿਹਾ ਕਿ ਗੋਲੀਬਾਰੀ ਤੋਂ ਫੌਰੀ ਬਾਅਦ ਪੁਲੀਸ ਪਹੁੰਚ ਗਈ। ਪੁਲੀਸ ਨੇ ਮ੍ਰਿਤਕ ਵਿਅਕਤੀ ਦਾ ਨਾਂ ਹਾਲੇ ਜਨਤਕ ਨਹੀਂ ਕੀਤਾ ਪਰ ਮ੍ਰਿਤਕ ਤੇ ਜ਼ਖਮੀ ਦੀ ਉਮਰ ਵੀਹ ਸਾਲ ਦੇ ਕਰੀਬ ਦੱਸੀ ਗਈ ਹੈ। ਪੁਲੀਸ ਨੇ ਲੋਕਾਂ ਨੂੰ ਇਲਾਕੇ ‘ਚ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੋਲੀਬਾਰੀ ਕਰਨ ਵਾਲੇ ਸਥਾਨ ਅਤੇ ਨੇੜੇ ਦੇ ਪਾਰਕ ਦੀ ਤਲਾਸ਼ੀ ਲਈ ਹੈ। ਫਿਲਹਾਲ ਸ਼ੱਕੀ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।