ਅੰਮ੍ਰਿਤਸਰ ਵਿੱਚ ‘ਈਟ ਰਾਈਟ ਮੇਲੇ’ ਦਾ ਉਦਘਾਟਨ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤਾ। ਫੂਡਜ਼ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਾਏ ਗਏ ਇਸ ਮੇਲੇ ‘ਚ ਡਾ. ਨਿੱਝਰ ਨੇ ਕਿਸਾਨਾਂ, ਖੁਰਾਕ ਮਾਹਿਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਿਮਾਰੀਆਂ ਤੋਂ ਬਚਣ ਲਈ ਮੋਟੇ ਅਨਾਜ ਨੂੰ ਮੁੜ ਥਾਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਮੂਲ ਅਨਾਜ ਦੀ ਪੈਦਾਵਾਰ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਧਰਤੀ ਬਚਾਉਣ ਲਈ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬਾਜਰਾ, ਕੰਗਣੀ, ਕੋਦਰਾ, ਜਵਾਰ, ਕੁੱਟਕੀ ਅਤੇ ਰਾਗੀ ਵਰਗੇ ਮੋਟੇ ਅਨਾਜ ਨੂੰ ਲੋਕ ਬਿਲਕੁਲ ਭੁੱਲ ਚੁੱਕੇ ਹਨ। ਸਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਇਨ੍ਹਾਂ ਦਾ ਸੇਵਨ ਬਹੁਤ ਜ਼ਰੂਰੀ ਹੈ। ਮੋਟੇ ਅਨਾਜ ਦੀ ਪੈਦਾਵਾਰ ਕਰਨ ਨਾਲ ਜਿੱਥੇ ਪਾਣੀ ਦੀ ਬੱਚਤ ਹੋਵੇਗੀ, ਉਥੇ ਹੀ ਦਵਾਈਆਂ ਦੀ ਵੀ ਘੱਟ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਮੋਟਾ ਅਨਾਜ ਮਨੁੱਖੀ ਖੁਰਾਕ ਦਾ ਅਹਿਮ ਹਿੱਸਾ ਹੁੰਦਾ ਸੀ ਪਰ ਰਹਿਣ-ਸਹਿਣ ‘ਚ ਆਏ ਵੱਡੇ ਬਦਲਾਅ ਕਾਰਨ ਇਹ ਸਾਡੀ ਥਾਲੀ ‘ਚੋਂ ਗਾਇਬ ਹੋ ਗਿਆ ਹੈ। ਬਿਮਾਰੀਆਂ ਤੋਂ ਬਚਣ ਲਈ ਸਾਨੂੰ ਮੋਟੇ ਅਨਾਜ ਨੂੰ ਮੁੜ ਆਪਣੀ ਥਾਲੀ ਦਾ ਹਿੱਸਾ ਬਣਾਉਣ ਦੀ ਲੋੜ ਹੈ। ਅੱਜ ਅਸੀਂ ਕਣਕ ਅਤੇ ਝੋਨੇ ਦੀ ਜ਼ਿਆਦਾ ਵਰਤੋਂ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਕਣਕ ‘ਚ ਗਲੂਟਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਜਿੱਥੇ ਮਨੁੱਖ ਨੂੰ ਬਿਮਾਰੀਆਂ ਲੱਗਦੀਆਂ ਹਨ, ਉਥੇ ਹੀ ਕੈਮਿਕਲਾਂ ਦੀ ਵਰਤੋਂ ਕਾਰਨ ਮਿੱਟੀ ਵੀ ਖਰਾਬ ਹੁੰਦੀ ਹੈ। ਇਸ ਮੌਕੇ ਡਾ. ਨਿੱਝਰ ਨੇ ਮੇਲੇ ‘ਚ ਕੁਦਰਤੀ ਖੇਤੀ ਅਤੇ ਮੋਟੇ ਅਨਾਜ ਦੇ ਪ੍ਰਚਾਰ ਹਿੱਤ ਲੱਗੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਮੇਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।