ਨਿਊਯਾਰਕ ‘ਚ ਊਬਰ ਈਟਸ ਡਿਲਿਵਰੀ ਦਾ ਕੰਮ ਕਰਨ ਵਾਲੇ ਇਕ ਭਾਰਤੀ ਮੂਲ ਦੇ ਅਮਰੀਕਨ ਵਿਅਕਤੀ ‘ਤੇ ਹਮਲਾਵਰ ਨੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ ਹਮਲਾਵਰ ਦਾ ਅਪਰਾਧਿਕ ਪਿਛੋਕੜ ਰਿਹਾ ਹੈ ਅਤੇ ਉਹ ਸੌ ਤੋਂ ਵਧੇਰੇ ਵਾਰ ਗ੍ਰਿਫ਼ਤਾਰ ਹੋ ਚੁੱਕਾ ਹੈ। ਨਿਊਯਾਰਕ ਦੇ ਲੋਅਰ ਈਸਟ ਸਾਈਡ ਵਿਖੇ ਗੁਜਰਾਤੀ ਮੂਲ ਦੇ ਭਰਤਭਾਈ ਪਟੇਲ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਪੀੜਤ ਨੇ ਦੱਸਿਆ ਕਿ ਮੁਲਜ਼ਮ ਨੇ ਬਿਨਾਂ ਕੁਝ ਕਹੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਆਸਪਾਸ ਖੜ੍ਹੇ ਲੋਕਾਂ ਨੇ ਕੁਝ ਨਹੀਂ ਕੀਤਾ। ਪਟੇਲ ਨੇ ਕਿਹਾ ਕਿ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਪੀੜਤ 36 ਵਰ੍ਹਿਆਂ ਦਾ ਹੈ ਅਤੇ ਇਕ ਛੇ ਸਾਲਾ ਬੱਚੇ ਦਾ ਪਿਤਾ ਹੈ। ਹਮਲਾਵਰ ਦੀ ਪਛਾਣ ਸਿਆਨ ਕੂਪਰ ਵਜੋਂ ਹੋਈ ਹੈ। ਪੁਲੀਸ ਨੇ ਬਾਅਦ ‘ਚ 47 ਸਾਲਾ ਕੂਪਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕਪੂਰ ਨੇ ਪਟੇਲ ‘ਤੇ ਕਿਸ ਮਕਸਦ ਨਾਲ ਹਮਲਾ ਕੀਤਾ।