ਅਗਲੇ ਤਿੰਨ ਮਹੀਨੇ ‘ਚ ਏਅਰ ਇੰਡੀਆ ਅਮਰੀਕਾ ਦੇ ਸਾਨ ਫਰਾਂਸਿਸਕੋ ਅਤੇ ਇਗਲੈਂਡ ਦੇ ਲੰਡਨ ਤੇ ਬਰਮਿੰਘਮ ਲਈ 20 ਵਾਧੂ ਹਫ਼ਤਾਵਾਰੀ ਫਲਾਈਟਾਂ ਸ਼ੁਰੂ ਕਰੇਗੀ। ਟਾਟਾ ਦੀ ਮਾਲਕੀ ਵਾਲੀ ਏਅਰਲਾਈਨ ਏਅਰ ਇੰਡੀਆ ਕੌਮਾਂਤਰੀ ਪੱਧਰ ‘ਤੇ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਫਲਾਈਟਾਂ ‘ਚ ਵਾਧਾ ਕਰਨ ਜਾ ਰਹੀ ਹੈ। ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਹਫ਼ਤੇ ‘ਚ ਪੰਜ ਵਧੀਕ ਉਡਾਣਾਂ ਬਰਮਿੰਘਮ, 9 ਲੰਡਨ ਤੇ ਛੇ ਸਾਨ ਫਰਾਂਸਿਸਕੋ ਲਈ ਚੱਲਣਗੀਆਂ ਤੇ ਗਾਹਕਾਂ ਨੂੰ ਹਰ ਹਫ਼ਤੇ 5000 ਤੋਂ ਵੱਧ ਵਧੀਕ ਸੀਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਏਅਰਲਾਈਨ ਦੀ ਇਸ ਪੇਸ਼ਕਦਮੀ ਨਾਲ ਏਅਰ ਇੰਡੀਆ ਦੀ ਹਰ ਹਫ਼ਤੇ ਯੂ.ਕੇ. ਜਾਂਦੀਆਂ 34 ਉਡਾਣਾਂ ਦੀ ਗਿਣਤੀ ਵਧ ਕੇ 48 ਹੋ ਜਾਵੇਗੀ। ਹਰ ਹਫ਼ਤੇ ਬਰਮਿੰਘਮ ਜਾਣ ਵਾਲੀਆਂ ਵਾਧੂ ਪੰਜ ਉਡਾਣਾਂ ਵਿੱਚੋਂ ਤਿੰਨ ਦਿੱਲੀ ਤੇ ਦੋ ਅੰਮ੍ਰਿਤਸਰ ਤੋਂ ਚੱਲਣਗੀਆਂ। ਲੰਡਨ ਲਈ ਉਡਾਰੀ ਭਰਨ ਵਾਲੀਆਂ 9 ਵਾਧੂ ਫਲਾਈਟਾਂ ‘ਚੋਂ ਪੰਜ ਮੁੰਬਈ, ਤਿੰਨ ਦਿੱਲੀ ਅਤੇ ਇਕ ਅਹਿਮਦਾਬਾਦ ਤੋਂ ਹੋਵੇਗੀ। ਰਿਲੀਜ਼ ਮੁਤਾਬਕ ਇੰਡੀਆ ਦੇ ਸੱਤ ਸ਼ਹਿਰਾਂ ਤੋਂ ਯੂ.ਕੇ. ਦੀ ਰਾਜਧਾਨੀ ਲਈ ਹੁਣ ਏਅਰ ਇੰਡੀਆ ਦੀ ਨਾਨ-ਸਟਾਪ ਉਡਾਣਾਂ ਚੱਲਣਗੀਆਂ। ਇਸੇ ਤਰ੍ਹਾਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ ਵੀ 34 ਤੋਂ ਵੱਧ ਕੇ 40 ਹੋ ਜਾਵੇਗੀ।