ਇੰਡੀਆ ਦੇ ਪਹਿਲਵਾਨ ਅਮਨ ਸਹਿਰਾਵਤ ਨੇ ਏਸ਼ੀਆ ਕੁਸ਼ਤੀ ਚੈਂਪੀਅਨਸ਼ਿਪ ‘ਚ ਕਿਰਗਿਜ਼ਸਤਾਨ ਦੇ ਅਲਮਾਜ਼ ਸਮਾਨਬੈਕੋਵ ਨੂੰ ਹਰਾ ਕੇ ਦੇਸ਼ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ ਹੈ। ਉਹ ਸੀਨੀਅਰ ਵਰਗ ‘ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਸਹਿਰਾਵਤ ਨੇ 57 ਕਿੱਲੋ ਭਾਰ ਵਰਗ ਦੇ ਫਾਈਨਲ ‘ਚ ਅਲਮਾਜ਼ ਨੂੰ 9-4 ਅੰਕਾਂ ਦੇ ਫਰਕ ਨਾਲ ਹਰਾਇਆ। ਸਹਿਰਾਵਤ ਦੇ ਇਸ ਸੋਨ ਤਗ਼ਮੇ ਨਾਲ ਚੈਂਪੀਅਨਸ਼ਿਪ ‘ਚ ਇੰਡੀਆ ਦੇ ਤਗ਼ਮਿਆਂ ਦੀ ਗਿਣਤੀ 12 ਹੋ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਛਤਰਸਾਲ ਸਟੇਡੀਅਮ ‘ਚ ਸਿਖਲਾਈ ਲੈਣ ਵਾਲੇ ਸਹਿਰਾਵਤ ਨੇ ਕੁਆਰਟਰ ਫਾਈਨਲ ‘ਚ ਜਾਪਾਨ ਦੇ ਰਿਕੁਤੋ ਅਰਾਈ ਨੂੰ 7-1 ਨਾਲ ਹਰਾਉਣ ਮਗਰੋਂ ਸੈਮੀਫਾਈਨਲ ‘ਚ ਚੀਨ ਦੇ ਵਾਨਹਾਊ ਝੂ ਨੂੰ 7-4 ਨਾਲ ਮਾਤ ਦਿੱਤੀ। ਸਹਿਰਾਵਤ ਦਾ ਇਹ 2023 ਦਾ ਦੂਜਾ ਤਗ਼ਮਾ ਹੈ। ਉਸ ਨੇ ਫਰਵਰੀ ‘ਚ ਜ਼ਾਗਰੇਬ ਓਪਨ ‘ਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਇਸੇ ਦੌਰਾਨ ਦੋ ਹੋਰ ਭਾਰਤੀ ਪਹਿਲਵਾਨ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ।