ਇੰਡੀਆ ਦੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਚੇਨਈ ‘ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਆਗਾਮੀ ਏਸ਼ੀਅਨ ਗੇਮਜ਼ ਤੋਂ ਪਹਿਲਾਂ ਉਸਦੀ ਟੀਮ ਦੀ ‘ਅਗਨੀਪ੍ਰੀਖਿਆ’ ਹੋਵੇਗੀ, ਜਿੱਥੋਂ ਉਹ ਮਹਾਦੀਪ ਦੀਆਂ ਚੋਟੀ ਦੀਆਂ ਟੀਮਾਂ ਵਿਰੁੱਧ ਆਪਣੀਆਂ ਤਿਆਰੀਆਂ ਦਾ ਮੁਲਾਂਕਣ ਕਰ ਸਕਣਗੇ। ਏਸ਼ੀਅਨ ਚੈਂਪੀਅਨਜ਼ ਟਰਾਫੀ 3 ਤੋਂ 12 ਅਗਸਤ ਵਿਚਾਲੇ ਖੇਡੀ ਜਾਵੇਗੀ ਜਦਕਿ ਏਸ਼ੀਅਨ ਖੇਡਾਂ ਦਾ ਆਯੋਜਨ ਚੀਨ ਦੇ ਹਾਂਗਝਾਓ ‘ਚ ਸਤੰਬਰ ‘ਚ ਹੋਵੇਗਾ। ਹਰਮਨਪ੍ਰੀਤ ਨੇ ਕਿਹਾ, ‘ਅਸੀਂ ਇਸ ਟੂਰਨਾਮੈਂਟ ‘ਚ ਦੇਖ ਸਕਾਂਗੇ ਕਿ ਅਸੀਂ ਉਨ੍ਹਾਂ ਟੀਮਾਂ ਵਿਰੁੱਧ ਕਿੱਥੇ ਖੜ੍ਹੇ ਹਾਂ, ਜਿਨ੍ਹਾਂ ਨਾਲ ਅਸੀਂ ਏਸ਼ੀਅਨ ਖੇਡਾਂ ‘ਚ ਮੁਕਾਬਲਾ ਕਰਨ ਵਾਲੇ ਹਾਂ। ਏਸ਼ੀਅਨ ਖੇਡਾਂ ਤੋਂ ਪਹਿਲਾਂ ਇਹ ਟੀਮ ਲਈ ਅਗਨੀਪ੍ਰੀਖਿਆ ਹੋਵੇਗੀ।’ ਉਸ ਨੇ ਕਿਹਾ, ‘ਏਸ਼ੀਅਨ ਚੈਂਪੀਅਨਜ਼ ਟਰਾਫੀ ਚੇਨਈ 2023 ਸਾਨੂੰ ਆਪਣੇ ਵਿਰੋਧੀਆਂ ਦੀ ਚੰਗੀ ਸਮਝ ਵੀ ਦੇਵੇਗੀ। ਅਸੀਂ ਏਸ਼ੀਅਨ ਖੇਡਾਂ ਲਈ ਚੰਗੀ ਤਿਆਰੀ ਕਰ ਸਕਦੇ ਹਾਂ, ਜਿੱਥੇ ਸਾਡਾ ਟੀਚਾ ਸੋਨ ਤਗ਼ਮਾ ਜਿੱਤਣਾ ਤੇ ਪੈਰਿਸ 2024 ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨਾ ਹੋਵੇਗਾ।’