ਭਾਰਤੀ ਵੇਟਲਿਫਟਰ ਜੈਰੇਮੀ ਲਾਲਰਿਨੁਗਾ ਨੇ ਏਸ਼ੀਅਨ ਚੈਂਪੀਅਨਸ਼ਿਪ ਦੇ ਸਨੈਚ ਈਵੈਂਟ 141 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ ਜਦੋਂਕਿ ਉਹ ‘ਕਲੀਨ ਐਂਡ ਜਰਕ’ ਮੁਕਾਬਲੇ ‘ਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਜ਼ਿਕਰਯੋਗ ਹੈ ਕਿ 2022 ਦੀਆਂ ਰਾਸ਼ਟਰਮੰਡਲ ਖੇਡਾਂ ਮਗਰੋਂ ਜੈਰੇਮੀ ਦਾ ਇਹ ਪਹਿਲਾ ਟੂਰਨਾਮੈਂਟ ਹੈ। ਉਹ ‘ਕਲੀਨ ਐਂਡ ਜਰਕ’ ਮੁਕਾਬਲੇ ‘ਚ ਆਪਣੀਆਂ ਪਹਿਲੀਆਂ ਦੋ ਕੋਸ਼ਿਸ਼ਾਂ ‘ਚ 165 ਕਿਲੋ ਭਾਰ ਵੀ ਨਾ ਚੁੱਕ ਸਕਿਆ। ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਤੋਂ ਹੀ ਮਿਜ਼ੋਰਮ ਦੇ ਇਸ ਵੇਟਲਿਫਟਰ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਕਿਉਂਕਿ ਉਹ ਪੱਟ ‘ਤੇ ਲੱਗੀ ਸੱਟ ਤੋਂ ਹਾਲ ਹੀ ‘ਚ ਉਭਰਿਆ ਹੈ। ਇਸ ਸੱਟ ਕਾਰਨ ਉਸ ਨੇ ਬੀਤੇ ਵਰ੍ਹੇ ਵਰਲਡ ਚੈਂਪੀਅਨਸ਼ਿਪ ‘ਚ ਵੀ ਭਾਗ ਨਹੀਂ ਲਿਆ ਸੀ। ਸਨੈਚ ਈਵੈਂਟ ਦੇ ਪਹਿਲੇ ਉਪਰਾਲੇ ‘ਚ ਜੈਰੇਮੀ 137 ਕਿਲੋ ਭਾਰ ਵੀ ਨਾ ਚੁੱਕ ਸਕਿਆ ਕਿਉਂਕਿ ਉਸ ਦੇ ਸੱਜੇ ਗੋਡੇ ਨੇ ਸਾਥ ਨਾ ਦਿੱਤਾ ਪਰ ਦੂਸਰੇ ਉਪਰਾਲੇ ‘ਚ ਉਸ ਨੇ 137 ਕਿਲੋ ਭਾਰ ਆਸਾਨੀ ਨਾਲ ਚੁੱਕ ਲਿਆ। ਇਸ ਮਗਰੋਂ ਉਸ ਨੇ 141 ਕਿਲੋ ਭਾਰ ਚੁੱਕ ਕੇ ਇਸ ਚੈਂਪੀਅਨਸ਼ਿਪ ‘ਚ ਦੂਸਰਾ ਸਥਾਨ ਪ੍ਰਾਪਤ ਕਰਦਿਆਂ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਕਾਬਿਲੇਗੌਰ ਹੈ ਕਿ ਏਸ਼ੀਅਨ ਚੈਂਪੀਅਨਸ਼ਿਪ ‘ਚ ਸ਼ਨਿਚਰਵਾਰ ਨੂੰ ਬਿੰਦਿਆਰਾਣੀ ਦੇਵੀ ਨੇ ਮਹਿਲਾਵਾਂ ਦੇ 55 ਕਿਲੋ ਭਾਰ ਵਰਗ ‘ਚ ਭਾਗ ਲੈਂਦਿਆਂ ਚਾਂਦੀ ਦਾ ਤਗ਼ਮਾ ਜਿੱਤ ਕੇ ਇੰਡੀਆ ਦੀ ਝੋਲੀ ਪਾਇਆ ਸੀ।