ਦਿੱਲੀ ਵਿਖੇ ਲਾਰੈਂਸ ਬਿਸ਼ਨੋਈ ਮਾਮਲੇ ’ਚ ਪੇਸ਼ ਹੋ ਕੇ ਸ਼ਤਾਬਦੀ ਟਰੇਨ ਰਾਹੀਂ ਪਰਤ ਰਹੇ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਹਰਿਆਣਾ ਦੇ ਪਾਣੀਪਤ ਨੇਡ਼ੇ ਕੁਝ ਨੌਜਵਾਨਾਂ ਵੱਲੋਂ ਕੀਤੇ ਕਥਿਤ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਰਿਆਣਾ ਪੁਲੀਸ ਇਹ ਜਾਂਚ ਕਰ ਰਹੀ ਹੈ ਜਿਸ ’ਚ ਪੰਜਾਬ ਪੁਲੀਸ ਵੀ ਸਹਿਯੋਗ ਦੇ ਰਹੀ ਹੈ। ਯਾਦ ਰਹੇ ਕਿ ਸੁਪਰੀਮ ਕੋਰਟ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਮਾਮਲੇ ਨਾਲ ਸਬੰਧਤ ਕੇਸ ਦੀ ਸੁਣਵਾਈ ਲਈ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਆਪਣੀ ਸਮੁੱਚੀ ਟੀਮ ਨਾਲ ਰੇਲ ਗੱਡੀ ਰਾਹੀਂ ਦਿੱਲੀ ਗਏ ਸਨ। ਸ਼ਾਮ ਵੇਲੇ ਉਹ ਦਿੱਲੀ ਤੋਂ ਚੰਡੀਗਡ਼੍ਹ ਰੇਲ ਗੱਡੀ ਰਾਹੀਂ ਹੀ ਵਾਪਸ ਆ ਰਹੇ ਸਨ। ਇਸ ਦੌਰਾਨ ਜਦ ਉਹ ਪਾਣੀਪਤ ਨੇਡ਼ੇ ਪਹੁੰਚੇ ਤਾਂ ਸ਼ਾਮ 6.30 ਦੇ ਕਰੀਬ 7-8 ਨੌਜਵਾਨਾਂ ਨੇ ਰੇਲ ਗੱਡੀ ਦੇ ਜਿਸ ਡੱਬੇ ’ਚ ਉਹ ਬੈਠੇ ਸਨ, ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਰੇਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਪਰ ਐਡਵੋਕੇਟ ਜਨਰਲ ਦੇ ਸੱਟ ਵੱਜਣ ਤੋਂ ਬਚਾਅ ਹੋ ਗਿਆ। ਐਡਵੋਕੇਟ ਜਨਰਲ ਨੇ ਚੰਡੀਗਡ਼੍ਹ ਪਹੁੰਚਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਲਾਰੈਂਸ ਬਿਸ਼ਨੋਈ ਕੇਸ ਵਿੱਚ ਪੇਸ਼ ਹੋਣ ਲਈ ਸੁਪਰੀਮ ਕੋਰਟ ਗਏ ਸਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਗੱਡੀ ’ਤੇ ਪੱਥਰ ਮਾਰਿਆ ਜਾਂ ਕੁਝ ਹੋਰ, ਇਸ ਬਾਰੇ ਉਹ ਨਹੀਂ ਜਾਣਦੇ, ਪਰ ਰੇਲਗੱਡੀ ਦਾ 12 ਐੱਮ.ਐੱਮ. ਦਾ ਸ਼ੀਸ਼ਾ ਟੁੱਟ ਗਿਆ ਹੈ। ਇਸ ਸਬੰਧੀ ਉਨ੍ਹਾਂ ਤੁਰੰਤ ਡੀ.ਜੀ.ਪੀ. ਪੰਜਾਬ ਨੂੰ ਸੂਚਿਤ ਕੀਤਾ।