ਐੱਨ.ਆਈ.ਏ (ਕੌਮੀ ਜਾਂਚ ਏਜੰਸੀ) ਨੇ ਕਸਬਾ ਚੋਹਲਾ ਸਾਹਿਬ ਦੇ ਇਕ ਕਾਰੋਬਾਰੀ ਅੰਮ੍ਰਿਤਪਾਲ ਸਿੰਘ ਵਾਸੀ ਕਰਮੂੰਵਾਲਾ ਦੀ ਰਿਹਾਇਸ਼ ਅਤੇ ਦਫ਼ਤਰ ‘ਤੇ ਛਾਪੇ ਮਾਰੇ ਜਿਸ ਦੌਰਾਨ ਕਾਰੋਬਾਰੀ ਦੇ ਘਰੋਂ 1.3 ਕਰੋੜ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਰਣਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੇ ਦਫ਼ਤਰ ਅਤੇ ਘਰੋਂ ਕੁਝ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਲੈ ਗਏ ਹਨ। ਵੇਰਵਿਆਂ ਮੁਤਾਬਕ ਏਜੰਸੀ ਦੀਆਂ ਦੋ ਟੀਮਾਂ ਸਵੇਰ ਸਮੇਂ ਪਿੰਡ ਕਰਮੂੰਵਾਲਾ ਪਹੁੰਚੀਆਂ। ਇਨ੍ਹਾਂ ਵਿੱਚੋਂ ਇਕ ਟੀਮ ਅੰਮ੍ਰਿਤਪਾਲ ਸਿੰਘ ਦੀ ਕਰਮੂੰਵਾਲਾ ਸਥਿਤ ਰਿਹਾਇਸ਼ ‘ਤੇ ਪਹੁੰਚੀ, ਜਿਸ ਨੇ ਉਥੇ ਤਲਾਸ਼ੀ ਲਈ। ਇਸ ਦੌਰਾਨ ਇਕ ਹੋਰ ਟੀਮ ਅੰਮ੍ਰਿਤਪਾਲ ਸਿੰਘ ਦੇ ਚੋਹਲਾ ਸਾਹਿਬ ਸਥਿਤ ਦਫ਼ਤਰ ਦੀ ਤਲਾਸ਼ੀ ਲੈਣ ਪਹੁੰਚੀ। ਕਾਰੋਬਾਰੀ ਦੇ ਘਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਤਲਾਸ਼ੀ ਲੈਣ ਆਈਆਂ ਟੀਮਾਂ ਨੇ ਕਿਸੇ ਵੀ ਵਿਅਕਤੀ ਨੂੰ ਅੰਮ੍ਰਿਤਪਾਲ ਸਿੰਘ ਦੇ ਘਰ ਵੱਲ ਨਹੀਂ ਜਾਣ ਦਿੱਤਾ। ਅੰਮ੍ਰਿਤਪਾਲ ਖੁਦ ਘਰ ‘ਚ ਮੌਜੂਦ ਨਹੀਂ ਸੀ ਤੇ ਘਰ ‘ਚ ਉਸ ਦੀ ਪਤਨੀ ਅਤੇ ਮਾਤਾ ਮੌਜੂਦ ਸਨ। ਵੇਰਵਿਆਂ ਮੁਤਾਬਕ ਚੋਹਲਾ ਸਾਹਿਬ ‘ਚ ਅੰਮ੍ਰਿਤਪਾਲ ਸਿੰਘ ਦਾ ‘ਸੰਧੂ ਟੂਰ ਐਂਡ ਟਰੈਵਲਜ਼’ ਨਾਂ ਦਾ ਦਫ਼ਤਰ ਹੈ, ਜਿਥੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਉਹ ਚੋਹਲਾ ਸਾਹਿਬ ‘ਚ ਆਇਲੈਟਸ ਸੈਂਟਰ ਵੀ ਚਲਾਉਂਦਾ ਹੈ। ਜ਼ਿਲ੍ਹਾ ਪੁਲੀਸ ਨੇ ਕੌਮੀ ਜਾਂਚ ਏਜੰਸੀ ਦੀ ਸੁਰੱਖਿਆ ਲਈ ਸਖ਼ਤ ਬੰਦੋਬਸਤ ਕੀਤੇ ਹੋਏ ਸਨ। ਏਜੰਸੀ ਅਧਿਕਾਰੀਆਂ ਵੱਲੋਂ ਕਾਰਵਾਈ ਬਾਰੇ ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਦੇ ਦਸਤਖਤ ਕਰਵਾਏ ਗਏ ਹਨ।
ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਨੇ ਕੌਮੀ ਜਾਂਚ ਏਜੰਸੀ ਦੇ ਉਨ੍ਹਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ ਜਿਨ੍ਹਾਂ ਵਕੀਲਾਂ ਦੇ ਦਫ਼ਤਰਾਂ ਅਤੇ ਰਿਹਾਇਸ਼ਾਂ ‘ਤੇ ਛਾਪੇ ਮਾਰੇ ਸਨ। ਉਨ੍ਹਾਂ ਕਿਹਾ ਕਿ ਇਹ ਵਕੀਲ ਅਤੇ ਉਸ ਦੇ ਮੁਵੱਕਿਲ ਨੂੰ ਐਵੀਡੈਂਸ ਐਕਟ, ਬਾਰ ਕੌਂਸਲ ਆਫ਼ ਇੰਡੀਆ ਰੂਲਜ਼ ਅਤੇ ਐਡਵੋਕੇਟਸ ਐਕਟ 1961 ਤਹਿਤ ਮਿਲੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੈ। ਪੰਜਾਬ ਅਤੇ ਹਰਿਆਣਾ ਬਾਰ ਕਾਊਂਸਿਲ ਦੇ ਚੇਅਰਮੈਨ ਸੁਵੀਰ ਸਿੱਧੂ ਨੇ ਕਿਹਾ ਕਿ ਐੱਨ.ਆਈ.ਏ. ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਨ ਬਾਰੇ ਫ਼ੈਸਲਾ ਕੌਂਸਲ ਦੀ ਹੰਗਾਮੀ ਮੀਟਿੰਗ ਦੌਰਾਨ ਲਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸੰਵਿਧਾਨਕ ਨੇਮਾਂ ਤਹਿਤ ਨਿਰਪੱਖ ਢੰਗ ਨਾਲ ਕੰਮ ਕਰਨ ਪਰ ਸ਼ੱਕ ਦੇ ਆਧਾਰ ‘ਤੇ ਮਾਰੇ ਗਏ ਅਜਿਹੇ ਛਾਪਿਆਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਸੁਵੀਰ ਸਿੱਧੂ ਨੇ ਕਿਹਾ ਕਿ ਕੌਂਸਲ ਦੇ ਸਾਰੇ ਕਾਰਜਕਾਰਨੀ ਮੈਂਬਰਾਂ ਨੇ ਐੱਨ.ਆਈ.ਏ. ਟੀਮਾਂ ਵੱਲੋਂ ਚੰਡੀਗੜ੍ਹ, ਗੁਰੂਗ੍ਰਾਮ ਅਤੇ ਬਠਿੰਡਾ ‘ਚ ਵਕੀਲਾਂ ਦੇ ਦਫ਼ਤਰਾਂ ਅਤੇ ਰਿਹਾਇਸ਼ਾਂ ‘ਤੇ ਮਾਰੇ ਗਏ ਛਾਪਿਆਂ ਅਤੇ ਉਨ੍ਹਾਂ ਦੇ ਫੋਨ ਤੇ ਲੈਪਟਾਪ ਜ਼ਬਤ ਕਰਨ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਬਾਰ ਕੌਂਸਲ ਨੇ ਇਸ ਸਬੰਧੀ ਐੱਨ.ਆਈ.ਏ. ਦੇ ਡਾਇਰੈਕਟਰ ਜਨਰਲ ਨੂੰ ਚਿੱਠੀ ਵੀ ਲਿਖੀ ਹੈ। ਉਨ੍ਹਾਂ ਕਿਹਾ ਕਿ ਵਕੀਲ ਮੁਵੱਕਿਲਾਂ ਦੇ ਸਿਰਫ਼ ਨੁਮਾਇੰਦੇ ਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤਿੰਨੋਂ ਵਕੀਲਾਂ ਨੇ ਛਾਪਿਆਂ ਦੌਰਾਨ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਵੀ ਦਿੱਤਾ ਸੀ। ਸਿੱਧੂ ਨੇ ਕਿਹਾ ਕਿ ਐੱਨ.ਆਈ.ਏ. ਅਧਿਕਾਰੀਆਂ ਦੀ ਕਾਰਵਾਈ ਨੇਮਾਂ ਅਤੇ ਐਕਟ ਦੀ ਉਲੰਘਣਾ ਹੈ ਅਤੇ ਮੈਂਬਰਾਂ ਦਾ ਮੰਨਣਾ ਹੈ ਕਿ ਇਸ ਸਬੰਧੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ‘ਚ ਮੁੜ ਤੋਂ ਅਜਿਹੇ ਛਾਪੇ ਮਾਰਨ ਤੋਂ ਰੋਕਿਆ ਜਾ ਸਕੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਅਦਾਲਤ ‘ਚ ਪੇਸ਼ੀ ਦੌਰਾਨ ਵਕੀਲਾਂ ਨੇ ਐੱਨ.ਆਈ.ਏ. ਦੇ ਛਾਪਿਆਂ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਧਰਨਾ ਦਿੱਤਾ।
ਐੱਨ.ਆਈ.ਏ. ਵੱਲੋਂ ਪੰਜਾਬ ‘ਚ ਮੁੜ ਛਾਪੇਮਾਰੀ, ਏਜੰਸੀ ਨੂੰ ਨੋਟਿਸ ਜਾਰੀ ਕਰੇਗੀ ਬਾਰ ਕੌਂਸਲ
Related Posts
Add A Comment