ਕਈ ਮੁੱਦਿਆਂ ’ਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਨਾਲ ਆਡਾ ਲਾਉਣ ਵਾਲੇ ਉਥੋਂ ਦੇ 71 ਸਾਲਾ ਰਾਜਪਾਲ ਜਗਦੀਪ ਧਨਖਡ਼ ਨੂੰ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਗੱਠਜੋਡ਼ ਨੇ ਆਪਣਾ ਉਪ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਹੈ। ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਇਸ ਬਾਰੇ ਐਲਾਨ ਕਰਦਿਆਂ ਧਨਖਡ਼ ਨੂੰ ‘ਕਿਸਾਨ ਪੁੱਤਰ’ ਦੱਸਿਆ ਜਿਸ ਨੇ ਖ਼ੁਦ ਨੂੰ ‘ਲੋਕਾਂ ਦੇ ਰਾਜਪਾਲ’ ਵਜੋਂ ਸਥਾਪਤ ਕੀਤਾ। ਜੁਲਾਈ 2019 ’ਚ ਪੱਛਮੀ ਬੰਗਾਲ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਧਨਖਡ਼ ਦਾ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਬੰਗਾਲ ਸਰਕਾਰ ਨਾਲ ਕਈ ਮੁੱਦਿਆਂ ਉਤੇ ਟਕਰਾਅ ਚੱਲਦਾ ਰਿਹਾ ਹੈ। ਧਨਖਡ਼ ਪੇਸ਼ੇ ਵਜੋਂ ਵਕੀਲ ਰਹੇ ਹਨ। ਉਹ 1989 ’ਚ ਸਿਆਸਤ ’ਚ ਦਾਖਲ ਹੋਏ ਤੇ ਉਸੇ ਸਾਲ ਰਾਜਸਥਾਨ ਦੇ ਝੁਨਝੁਨੂ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਸੰਨ 1990 ’ਚ ਉਹ ਕੇਂਦਰੀ ਮੰਤਰੀ ਵੀ ਬਣੇ। ਧਨਖਡ਼ ਨੇ ਰਾਜਸਥਾਨ ਹਾਈ ਕੋਰਟ ਤੇ ਸੁਪਰੀਮ ਕੋਰਟ ’ਚ ਵਕੀਲ ਵਜੋਂ ਪ੍ਰੈਕਟਿਸ ਕੀਤੀ ਹੈ। ਸੰਨ 1990 ’ਚ ਉਹ ਸੀਨੀਅਰ ਵਕੀਲ ਸਨ ਤੇ ਉਸੇ ਸਾਲ ਕੇਂਦਰੀ ਮੰਤਰੀ ਬਣ ਗਏ। ਉਹ ਕਿਸ਼ਨਗਡ਼੍ਹ ਹਲਕੇ ਤੋਂ ਵਿਧਾਇਕ ਵੀ ਰਹੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਧਨਖਡ਼ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਲੋਕਾਂ ਦੀ ਸੇਵਾ ’ਚ ਬਿਤਾਇਆ ਹੈ ਤੇ ਉਨ੍ਹਾਂ ਦੇ ਜੀਵਨ ਵਿੱਚੋਂ ਨਵੇਂ ਭਾਰਤ ਦੀ ਰੂਹ ਝਲਕਦੀ ਹੈ। ਉਨ੍ਹਾਂ ਕਿਹਾ ਕਿ ਧਨਖਡ਼ ਨੇ ਆਪਣੇ ਟੀਚਿਆਂ ਦੀ ਪੂਰਤੀ ਲਈ ਅਣਗਿਣਤ ਸਮਾਜਿਕ ਤੇ ਆਰਥਿਕ ਅਡ਼ਿੱਕੇ ਪਾਰ ਕੀਤੇ ਹਨ। ਜ਼ਿਕਰਯੋਗ ਹੈ ਕਿ ਜਗਦੀਪ ਸਮਾਜਵਾਦੀ ਪਿਛੋਕਡ਼ ਵਾਲੇ ਰਾਜਸਥਾਨ ਦੇ ਜਾਟ ਆਗੂ ਹਨ। ਭਾਜਪਾ ਦੇ ਸੰਸਦੀ ਬੋਰਡ ਦੀ ਮੀਟਿੰਗ ’ਚ ਧਨਖਡ਼ ਨੂੰ ਉਮੀਦਵਾਰ ਬਣਾਉਣ ਬਾਰੇ ਫ਼ੈਸਲਾ ਲਿਆ ਗਿਆ ਹੈ। ਇਸ ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਆਗੂ ਸ਼ਾਮਲ ਸਨ। ਕਈ ਨਾਵਾਂ ਉਤੇ ਵਿਚਾਰ ਕਰਨ ਤੋਂ ਬਾਅਦ ਧਨਖਡ਼ ਦਾ ਨਾਂ ਸਾਹਮਣੇ ਆਇਆ ਹੈ। ਐਲਾਨ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ, ‘ਜਗਦੀਪ ਧਨਖਡ਼ ਜੀ ਨੂੰ ਸਾਡੇ ਸੰਵਿਧਾਨ ਬਾਰੇ ਬਹੁਤ ਗਿਆਨ ਹੈ। ਉਨ੍ਹਾਂ ਨੂੰ ਵਿਧਾਨਕ ਮਾਮਲਿਆਂ ਬਾਰੇ ਵੀ ਡੂੰਘੀ ਜਾਣਕਾਰੀ ਹੈ। ਮੈਨੂੰ ਯਕੀਨ ਹੈ ਕਿ ਉਹ ਰਾਜ ਸਭਾ ਦੇ ਚੇਅਰਮੈਨ ਵਜੋਂ ਬਿਹਤਰ ਸੇਵਾਵਾਂ ਦੇਣਗੇ।’