ਐਨ.ਡੀ.ਏ. ਨੂੰ ਅਗਾਮੀ 2024 ਦੀਆਂ ਲੋਕ ਸਭਾ ਚੋਣਾਂ ‘ਚ ਚੁਣੌਤੀ ਦੇਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਜ਼ ਕੁਮਾਰ ਸਰਗਰਮ ਹੋ ਗਏ ਹਨ। ਸਾਰੇ ਵਿਰੋਧੀਆਂ ਨੂੰ ਇਕ ਮੁਹਾਜ਼ ‘ਤੇ ਇਕੱਠਾ ਕਰਨ ਦੇ ਮਕਸਦ ਨਾਲ ਉਨ੍ਹਾਂ ਨਵੀਂ ਦਿੱਲੀ ‘ਚ ਵੱਖ-ਵੱਖ ਆਗੂਆਂ ਨਾਲ ਮੀਟਿੰਗ ਕੀਤੀ। ਇਨ੍ਹਾਂ ‘ਚ ਖੱਬੇ ਪੱਖੀ ਧਿਰਾਂ ਦੇ ਨੇਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹਨ। ਨਿਤੀਸ਼ ਨੇ ਕਿਹਾ ਕਿ ਉਹ ਨਾ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਹਨ ਤੇ ਨਾ ਹੀ ਇਸ ਦੇ ਇਛੁੱਕ ਹਨ। ਸੀ.ਪੀ.ਐਮ. ਦੇ ਦਫ਼ਤਰ ‘ਚ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਸੀ.ਪੀ.ਆਈ. ਦੇ ਜਨਰਲ ਸਕੱਤਰ ਡੀ. ਰਾਜਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੁਮਾਰ ਨੇ ਮੀਡੀਆ ਨੂੰ ਕਿਹਾ ਕਿ ਇਹ ਸਮਾਂ ਖੱਬੇ ਪੱਖੀ ਪਾਰਟੀਆਂ, ਕਾਂਗਰਸ ਤੇ ਹੋਰ ਸਾਰੇ ਖੇਤਰੀ ਦਲਾਂ ਨੂੰ ਇਕਜੁੱਟ ਕਰ ਕੇ ਮਜ਼ਬੂਤ ਵਿਰੋਧੀ ਧਿਰ ਦੇ ਗਠਨ ਕਰਨ ਦਾ ਹੈ। ਭਾਜਪਾ ਨਾਲ ਨਾਤਾ ਤੋੜਨ ਤੋਂ ਬਾਅਦ ਨਿਤੀਸ਼ ਪਹਿਲੀ ਵਾਰ ਦਿੱਲੀ ਪਹੁੰਚੇ ਸਨ। ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ, ਜਨਤਾ ਦਲ (ਐੱਸ) ਦੇ ਮੁਖੀ ਐਚ.ਡੀ. ਕੁਮਾਰਸਵਾਮੀ ਨਾਲ ਮੁਲਾਕਾਤ ਤੋਂ ਬਾਅਦ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਨਿਤੀਸ਼ ਕੁਮਾਰ ਦੇ ਦਿੱਲੀ ਦੌਰੇ ਨੂੰ ਵਿਰੋਧੀ ਧਿਰਾਂ ਦਾ ਨੇਤਾ ਬਣਨ ਦੀ ਉਨ੍ਹਾਂ ਦੀ ਕਵਾਇਦ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਖੱਬੇ ਪੱਖੀ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਕੁਮਾਰ ਨੇ ਕਿਹਾ, ‘ਸੀ.ਪੀ.ਐਮ. ਨਾਲ ਮੇਰੇ ਰਿਸ਼ਤੇ ਬਹੁਤ ਪੁਰਾਣੇ ਤੇ ਲੰਮੇ ਸਮੇਂ ਤੋਂ ਹਨ। ਤੁਸੀਂ ਸਾਰਿਆਂ ਨੇ ਨਹੀਂ ਦੇਖਿਆ ਹੋਵੇਗਾ, ਪਰ ਮੈਂ ਜਦ ਵੀ ਦਿੱਲੀ ਆਇਆ ਹਾਂ, ਇਸ ਦਫ਼ਤਰ ‘ਚ ਜ਼ਰੂਰ ਆਉਂਦਾ ਸੀ। ਸਾਡਾ ਪੂਰਾ ਧਿਆਨ ਸਾਰੇ ਖੱਬੇ ਪੱਖੀ ਦਲਾਂ, ਖੇਤਰੀ ਪਾਰਟੀਆਂ, ਕਾਂਗਰਸ ਨੂੰ ਇਕਜੁੱਟ ਕਰਨ ਉਤੇ ਹੈ। ਸਾਡੇ ਸਾਰਿਆਂ ਦੇ ਇਕੱਠੇ ਹੋਣ ਦੇ ਵੱਡੇ ਮਾਅਨੇ ਹਨ।’ ਡੀ. ਰਾਜਾ ਨੇ ਨਿਤੀਸ਼ ਨੂੰ ਮਿਲਣ ਤੋਂ ਬਾਅਦ ਟਵੀਟ ‘ਚ ਕਿਹਾ, ‘ਆਰ.ਐੱਸ.ਐੱਸ. ਤੇ ਭਾਜਪਾ ਦੇ ਕੁਸ਼ਾਸਨ ਖ਼ਿਲਾਫ਼ ਏਕਤਾ ਦਾ ਭਾਰਤੀ ਮਾਡਲ ਰੂਪ ਲੈ ਰਿਹਾ ਹੈ।’ ਕੇਜਰੀਵਾਲ ਤੇ ਨਿਤੀਸ਼ ਦੀ ਮੁਲਾਕਾਤ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਹਾਜ਼ਰ ਸਨ। ਕੇਜਰੀਵਾਲ ਨੇ ਟਵੀਟ ਕੀਤਾ, ‘ਦੇਸ਼ ਨਾਲ ਸਬੰਧਤ ਕਈ ਗੰਭੀਰ ਮੁੱਦਿਆਂ ਉਤੇ ਚਰਚਾ ਹੋਈ। ਅਸੀਂ ਭਾਜਪਾ ਵੱਲੋਂ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਤੇ ਚੁਣੀਆਂ ਹੋਈਆਂ ਸਰਕਾਰਾਂ ਡੇਗਣ ਦੇ ਮੁੱਦਿਆਂ, ਭ੍ਰਿਸ਼ਟਾਚਾਰ, ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਮੁੱਦਿਆਂ ‘ਤੇ ਚਰਚਾ ਕੀਤੀ।’ ਨਿਤੀਸ਼ ਕੁਮਾਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭਾਜਪਾ ਖ਼ਿਲਾਫ਼ ਬਣਨ ਵਾਲੇ ਕਿਸੇ ਵੀ ਗੱਠਜੋੜ ‘ਚ ਕਾਂਗਰਸ ਤੇ ਖੱਬੇ ਪੱਖੀ ਧਿਰਾਂ ਦਾ ਹੋਣਾ ਜ਼ਰੂਰੀ ਹੈ। ਸੀ.ਪੀ.ਐਮ. ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਵਿਰੋਧੀ ਧਿਰ ‘ਚ ਵਾਪਸੀ ਤੇ ਭਾਜਪਾ ਖ਼ਿਲਾਫ਼ ਲੜਾਈ ਦਾ ਹਿੱਸਾ ਬਣਨ ਦੀ ਉਨ੍ਹਾਂ ਦੀ ਇੱਛਾ ਭਾਰਤੀ ਰਾਜਨੀਤੀ ਲਈ ਮਹੱਤਵਪੂਰਨ ਬਦਲਾਅ ਹੈ। ਨਿਤੀਸ਼ ਕੁਮਾਰ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ, ‘ਸਪਾ’ ਆਗੂ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਵੀ ਮੁਲਾਕਾਤ ਕੀਤੀ। ਮੁਲਾਇਮ ਯਾਦਵ ਨੂੰ ਨਿਤੀਸ਼ ਕੁਮਾਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਿਚ ਮਿਲੇ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।