ਟੋਰਾਂਟੋ ਸਨ ਦੇ ਇਕ ਪੱਤਰਕਾਰ ਵੱਲੋਂ ਨਿਊ ਡੈਮੋਕਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਨੇਤਾ ਜਗਮੀਤ ਸਿੰਘ ਬਾਰੇ ਟਵੀਟ ਕੀਤਾ ਗਿਆ ਟਵੀਟ ਵਿਵਾਦ ਤੋਂ ਬਾਅਦ ਹਟਾ ਦਿੱਤਾ ਗਿਆ। ਸਿੱਖ ਭਾਈਚਾਰੇ ਅਤੇ ਹੋਰਨਾਂ ਵੱਲੋਂ ਤਿੱਖੀਆਂ ਪ੍ਰਤੀਕਿਰਿਆਵਾਂ ਆਉਣ ਤੋਂ ਬਾਅਦ ਇਹ ਟਵੀਟ ਹਟਾਇਆ ਗਿਆ। ਇਸ ਟਵੀਟ ਨੂੰ ‘ਅਸੰਵੇਦਨਸ਼ੀਲ’ ਅਤੇ ‘ਅਣਉਚਿਤ’ ਕਰਾਰ ਦਿੱਤਾ ਗਿਆ। ਸੰਸਦ ਮੈਂਬਰਾਂ ਨੇ ਪਿਛਲੇ ਹਫ਼ਤੇ ਹਾਊਸ ਆਫ਼ ਕਾਮਨਜ਼ ‘ਚ ਗਰੋਸਰੀ ਦੀਆਂ ਕੀਮਤਾਂ ਦੀ ਮਹਿੰਗਾਈ ‘ਤੇ ਸਵਾਲ ਉਠਾਏ ਸਨ ਤਾਂ ਸਿਆਸੀ ਕਾਲਮਨਵੀਸ ਬ੍ਰਾਇਨ ਲਿਲੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦੀ ਇਕ ਤਸਵੀਰ ਕੈਪਸ਼ਨ ਨਾਲ ਟਵੀਟ ਕੀਤੀ ਸੀ। ਇਸ ਟਵੀਟ ‘ਚ ਲਿਖਿਆ ਸੀ ਕਿ, ‘ਇੰਝ ਲੱਗਦਾ ਹੈ ਜਿਵੇਂ ਜਗਮੀਤ ਨੇ ਕਮੇਟੀ ‘ਚ ਗੈਲੇਨ ਵੈਸਟਨ ਨੂੰ ਗ੍ਰਿਲ ਕਰਨ ਲਈ ਅੱਜ ਆਪਣੀ ਨੋ ਨੇਮ ਦੀ ਪੱਗ ਪਹਿਨੀ ਹੋਈ ਹੈ।’ ਗੈਲੇਨ ਵੈਸਟਨ ਜਾਰਜ ਵੈਸਟਨ ਲਿਮਿਟੇਡ ਦੇ ਸੀ.ਈ.ਓ. ਅਤੇ ਲੋਬਲਾਜ਼ ਦੇ ਕਾਰਜਕਾਰੀ ਚੇਅਰਮੈਨ ਅਤੇ ਪ੍ਰਧਾਨ ਹਨ। ਉਹ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਲਿਲੀ ਨੇ ਕਿਹਾ ਕਿ ‘ਮੈਂ ਜਾਣਦਾ ਹਾਂ ਕਿ ਉਹ ਖਾਸ ਦਿਨਾਂ ਜਾਂ ਮੌਕੇ ਲਈ ਰੰਗ ਬਦਲਦਾ ਹੈ ਪਰ ਅੱਜ ਨੋ ਨੇਮ ਪੀਲਾ ਦੇਖਣ ਦੀ ਉਮੀਦ ਨਹੀਂ ਕੀਤੀ ਸੀ। ਕੀ ਇਹ ਕੋਈ ਮਕਸਦ ਕਾਰਨ ਹੈ ਜਾਂ ਇਤਫ਼ਾਕ?’ ਉਧਰ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਸਪੋਕਸਪਰਸਨ ਗੁਰਪ੍ਰੀਤ ਕੌਰ ਰਾਏ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਲਿਲੀ ਦੀਆਂ ਟਿੱਪਣੀਆਂ ‘ਬਹੁਤ ਹੀ ਅਸੰਵੇਦਨਸ਼ੀਲ, ਅਣਉਚਿਤ ਅਤੇ ਦੁਖਦਾਈ’ ਸਨ। ਉਸਨੇ ਟਵੀਟ ‘ਤੇ ਤੁਰੰਤ ਕਾਰਵਾਈ ਕਰਨ ਅਤੇ ਲਿਲੀ ਤੇ ਟੋਰਾਂਟੋ ਸਨ ਤੋਂ ਜਨਤਕ ਮੁਆਫੀ ਦੀ ਮੰਗ ਕੀਤੀ। ਨਾਲ ਹੀ ਕਿਹਾ ਕਿ ‘ਮੈਨੂੰ ਲਗਦਾ ਹੈ ਕਿ ਕੈਨੇਡੀਅਨ ਭਾਸ਼ਣ ‘ਚ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਪ੍ਰਸਾਰਿਤ ਕਰਨ ਲਈ ਕੋਈ ਥਾਂ ਨਹੀਂ ਹੈ।’ ਓਂਟਾਰੀਓ ਦੇ ਸਾਬਕਾ ਐੱਮ.ਪੀ.ਪੀ. ਗੁਰਰਤਨ ਸਿੰਘ ਨੇ ਟਵੀਟ ਕੀਤਾ ਕਿ ‘ਸਾਡੀਆਂ ਪੱਗਾਂ, ਭਾਵੇਂ ਕੋਈ ਵੀ ਰੰਗ ਹੋਵੇ, ‘ਨੋ ਨੇਮ’ ਨਹੀਂ ਹਨ।’ ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਰਵੀ ਕਾਹਲੋਂ ਨੇ ਇਕ ਟਵੀਟ ਕਰਕੇ ਆਪਣੀ ਨਾਰਾਜ਼ਗੀ ਜਤਾਈ। ਉਧਰ ਲਿਲੀ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਜਗਮੀਤ ਸਿੰਘ ਨੇ ਲਿਖਿਆ ਕਿ ‘ਮੈਂ ਪੱਗ ਕਿਉਂ ਪਹਿਨਦਾ ਹਾਂ ਅਤੇ ਇਸਦਾ ਕੀ ਅਰਥ ਹੈ ਇਸ ਬਾਰੇ ਮੈਂ ਬਹੁਤ ਵਧੀਆ ਗੱਲਬਾਤ ਕੀਤੀ ਹੈ। ਪਰ ਕੁਝ ਲੋਕ ਸਾਨੂੰ ਘੱਟ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦੇ ਹਨ।’