ਯੇਲੇਨਾ ਓਸਟਾਪੇਂਕੋ ਨੂੰ ਹਰਾ ਕੇ ਆਸਟਰੇਲੀਅਨ ਓਪਨ ਚੈਂਪੀਅਨ ਐਰੀਨਾ ਸਬਾਲੇਂਕਾ ਡੁਬਈ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪਹੁੰਚ ਗਈ ਹੈ। ਐਰੀਨਾ ਦੀ ਇਹ ਇਸ ਸਾਲ ਦੀ ਲਗਾਤਾਰ 13ਵੀਂ ਜਿੱਤ ਹੈ। ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਸਬਾਲੇਂਕਾ ਨੇ ਓਸਤਾਪੇਂਕੋ ਨੂੰ 2-6, 6-1, 6-1 ਨਾਲ ਹਰਾਇਆ। ਸਬਾਲੇਂਕਾ ਦਾ ਸਾਹਮਣਾ ਹੁਣ ਬਾਰਬਰਾ ਕ੍ਰੇਸੀਕੋਵਾ ਨਾਲ ਹੋਵੇਗਾ ਜਿਸ ਨੇ ਬੁੱਧਵਾਰ ਨੂੰ ਕੁਆਰਟਰ ਫਾਈਨਲ ‘ਚ ਚੈੱਕ ਗਣਰਾਜ ਦੀ ਪੇਤਰਾ ਕਵਿਤੋਵਾ ਨੂੰ 6-3, 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਚੋਟੀ ਦੀ ਰੈਂਕਿੰਗ ਵਾਲੀ ਇਗਾ ਸਵੀਆਤੇਕ ਨੇ ਲਿਊਡਮਿਲਾ ਸੈਮਸੋਨੋਵਾ ਨੂੰ ਸਿੱਧੇ ਸੈੱਟਾਂ ‘ਚ 6-1, 6-0 ਨਾਲ ਹਰਾ ਕੇ ਆਖਰੀ ਅੱਠ ‘ਚ ਜਗ੍ਹਾ ਬਣਾਈ। ਪੋਲੈਂਡ ਦੀ 21 ਸਾਲਾ ਸਵੀਆਟੇਕ ਉਸ ਸਮੇਂ ਵਾਕਓਵਰ ਮਿਲਣ ਤੋਂ ਬਾਅਦ ਸੈਮੀਫਾਈਨਲ ‘ਚ ਪਹੁੰਚ ਗਈ ਜਦੋਂ ਸਾਬਕਾ ਨੰਬਰ ਇਕ ਕੈਰੋਲੀਨਾ ਪਲਿਸਕੋਵਾ ਬੀਮਾਰੀ ਕਾਰਨ ਟੂਰਨਾਮੈਂਟ ਤੋਂ ਹਟ ਗਈ। ਪਲਿਸਕੋਵਾ ਨੇ ਐਨਹੇਲੀਨਾ ਕੇਲਿਨੀਨਾ ਨੂੰ 7-5, 6-7 (6) 6-2 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ ਸੀ।