ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ ਦੀਆਂ ਲਗਭਗ 13.6 ਮਿਲੀਅਨ ਖੁਰਾਕਾਂ ਨੂੰ ਕੈਨੇਡਾ ਸੁੱਟਣ ਜਾ ਰਿਹਾ ਹੈ ਕਿਉਂਕਿ ਦੇਸ਼ ਜਾਂ ਵਿਦੇਸ਼ ’ਚ ਇਸ ਵੈਕਸੀਨ ਨੂੰ ਲੈਣ ਲਈ ਕੋਈ ਤਿਆਰ ਨਹੀਂ ਹੈ। ਇਨ੍ਹਾਂ ਖੁਰਾਕਾਂ ਦੀ ਵਰਤੋਂ ਦੀ ਮਿਆਦ ਖ਼ਤਮ ਵੀ ਹੋ ਗਈ ਹੈ। ਕੈਨੇਡਾ ਨੇ ਆਪਣੀ ਵੈਕਸੀਨ ਦੀਆਂ ਦੋ ਕਰੋਡ਼ ਖੁਰਾਕਾਂ ਪ੍ਰਾਪਤ ਕਰਨ ਲਈ 2020 ’ਚ ਐਸਟਰਾਜ਼ੇਨੇਕਾ ਨਾਲ ਇਕ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਸਨ ਅਤੇ ਜ਼ਿਆਦਾਤਰ ਮਾਰਚ ਅਤੇ ਜੂਨ 2021 ਦੇ ਵਿਚਕਾਰ 23 ਲੱਖ ਕੈਨੇਡੀਅਨਾਂ ਨੂੰ ਇਸਦੀ ਘੱਟੋ-ਘੱਟ ਇਕ ਖੁਰਾਕ ਮਿਲੀ। 2021 ਦੀ ਬਸੰਤ ’ਚ ਐਸਟਰਾਜ਼ੇਨੇਕਾ ਤੋਂ ਦੁਰਲੱਭ ਪਰ ਸੰਭਾਵੀ ਤੌਰ ’ਤੇ ਘਾਤਕ ਖੂਨ ਦੇ ਥੱਕੇ ਬਾਰੇ ਚਿੰਤਾਵਾਂ ਦੇ ਬਾਅਦ, ਕੈਨੇਡਾ ਨੇ ਫਾਈਜ਼ਰ-ਬਾਇਓਐਨਟੈਕ ਅਤੇ ਮੋਡੇਰਨਾ ਤੋਂ ਮ੍ਰਂੳ ਟੀਕਿਆਂ ਦੀ ਭਰਪੂਰ ਸਪਲਾਈ ਦੀ ਵਰਤੋਂ ਕਰਨ ’ਤੇ ਧਿਆਨ ਦਿੱਤਾ। ਜੁਲਾਈ 2021 ’ਚ ਕੈਨੇਡਾ ਨੇ ਆਪਣੀ ਖਰੀਦੀ ਗਈ ਸਪਲਾਈ ਦਾ ਬਾਕੀ ਹਿੱਸਾ, ਲਗਭਗ 1.77 ਕਰੋਡ਼ ਖੁਰਾਕਾਂ ਦਾਨ ਕਰਨ ਦਾ ਵਾਅਦਾ ਕੀਤਾ ਸੀ ਪਰ ਇਕ ਬਿਆਨ ’ਚ ਹੈਲਥ ਕੈਨੇਡਾ ਨੇ ਕਿਹਾ ਕਿ ਉਸ ਵਾਅਦੇ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 1.36 ਕਰੋਡ਼ ਖੁਰਾਕਾਂ ਦੀ ਮਿਆਦ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਨੂੰ ਬਾਹਰ ਸੁੱਟਣਾ ਪਵੇਗਾ। ਬਿਆਨ ’ਚ ਕਿਹਾ ਗਿਆ ਕਿ ਵੈਕਸੀਨ ਦੀ ਸੀਮਤ ਮੰਗ ਅਤੇ ਪ੍ਰਾਪਤਕਰਤਾ ਦੇਸ਼ਾਂ ਦੇ ਸਾਹਮਣੇ ਵਿਤਰਣ ਅਤੇ ਖਪਤ ਦੀਆਂ ਚੁਣੌਤੀਆਂ ਕਾਰਨ ਉਨ੍ਹਾਂ ਦੀ ਵਰਤੋਂ ਨਹੀਂ ਹੋ ਸਕੀ। ਕੁੱਲ ਮਿਲਾ ਕੇ ਕੈਨੇਡਾ ਨੇ ਐਸਟਰਾਜ਼ੇਨੇਕਾ ਵੈਕਸੀਨ ਦੀਆਂ 8.9 ਮਿਲੀਅਨ ਖੁਰਾਕਾਂ ਦਾਨ ਕੀਤੀਆਂ।