ਪੰਜਾਬ ਸਰਕਾਰ ਨੇ ਫਰੀਦਕੋਟ ਦੀ ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਦਾ ਫ਼ਰੀਦਕੋਟ ਤੋਂ ਤਬਾਦਲਾ ਕਰ ਦਿੱਤਾ ਹੈ ਅਤੇ ਇਥੇ ਰਾਜਪਾਲ ਸਿੰਘ ਨੂੰ ਨਵਾਂ ਪੁਲੀਸ ਮੁਖੀ ਨਿਯੁਕਤ ਕੀਤਾ ਗਿਆ ਹੈ। ਅਵਨੀਤ ਕੌਰ ਸਿੱਧੂ ਨੂੰ ਮਾਲੇਰਕੋਟਲਾ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਫ਼ਰੀਦਕੋਟ ਦੇ ਵਿਧਾਇਕ ਅਤੇ ਪੁਲੀਸ ਮੁਖੀ ਦਰਮਿਆਨ ਪਿਛਲੇ ਕੁਝ ਸਮੇਂ ਤੋਂ ਟਕਰਾਅ ਚੱਲ ਰਿਹਾ ਸੀ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਫ਼ਰੀਦਕੋਟ ਦੇ ਆਈਜੀ ਪ੍ਰਦੀਪ ਕੁਮਾਰ ਯਾਦਵ ਨੇ 30 ਜੂਨ ਨੂੰ ਇਹ ਟਕਰਾਅ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੂਤਰਾਂ ਅਨੁਸਾਰ ਫਰੀਦਕੋਟ ਦੇ ਵਿਧਾਇਕ ਨੇ ਪੁਲੀਸ ’ਤੇ ਦੋਸ਼ ਲਾਏ ਸਨ ਕਿ ਨਸ਼ਾ ਤਸਕਰਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਫਰੀਦਕੋਟ ਦੇ ਪੁਲੀਸ ਮੁਖੀ ਦੀ ਕਥਿਤ ਤੌਰ ’ਤੇ ਇੱਕ ਗੈਂਗਸਟਰ ਨਾਲ ਫੋਟੋ ਵੀ ਦੇਖੀ ਗਈ ਹੈ। ਇਸ ਉੱਚ ਪੱਧਰੀ ਮੀਟਿੰਗ ਵਿੱਚ ਵਿਧਾਇਕ ਤੇ ਪੁਲੀਸ ਮੁਖੀ ਦੌਰਾਨ ਟਕਰਾਅ ਖ਼ਤਮ ਨਹੀਂ ਹੋ ਸਕਿਆ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਵਾਅਦੇ ਪੂਰੇ ਕਰੇਗੀ ਤੇ ਕਿਸੇ ਵੀ ਕੀਮਤ ’ਤੇ ਸਮਾਜ ਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਦਿੱਤਾ ਜਾਵੇਗਾ। ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਧਿਰ ਨਾਲ ਕੋਈ ਟਕਰਾਅ ਨਹੀਂ ਹੈ ਤੇ ਉਨ੍ਹਾਂ ਨਸ਼ਾ ਤਸਕਰਾਂ ਖ਼ਿਲਾਫ਼ ਜੰਗੀ ਪੱਧਰ ’ਤੇ ਕਾਰਵਾਈ ਕੀਤੀ।