ਪਿਛਲੇ ਕੁਝ ਸਮੇਂ ’ਚ ਕੈਨੇਡਾ ਭਰ ’ਚ ਗੈਸ ਦੀਆਂ ਕੀਮਤਾਂ ’ਚ ਅਥਾਹ ਵਾਧਾ ਹੋਇਆ ਹੈ ਜਿਸ ਤੋਂ ਹਰ ਕੋਈ ਪ੍ਰਭਾਵਿਤ ਹੋਇਆ। ਕੋਵਿਡ-19 ਤੋਂ ਬਾਅਦ ਰੂਸ ਤੇ ਯੂਕਰੇਨ ਯੁੱਧ ਨੂੰ ਗੈਸ ਕੀਮਤਾਂ ’ਚ ਵਾਧੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪਰ ਹੁਣ ਇਕ ਉਦਯੋਗ ਮਾਹਿਰ ਅਨੁਸਾਰ ਗੈਸ ਦੀਆਂ ਕੀਮਤਾਂ ਓਂਟਾਰੀਓ ’ਚ ਸਭ ਤੋਂ ਹੇਠਲੇ ਪੱਧਰ ’ਤੇ ਆਉਣ ਲਈ ਤਿਆਰ ਹਨ। ਕੈਨੇਡੀਅਨਜ਼ ਫਾਰ ਅਫੋਰਡੇਬਲ ਐਨਰਜੀ ਦੇ ਪ੍ਰਧਾਨ ਡੈਨ ਮੈਕਟੀਗ ਨੇ ਦੱਸਿਆ ਕਿ ਸਾਊਥ ਓਂਟਾਰੀਓ ਗੈਸ ਦੀਆਂ ਸਭ ਤੋਂ ਘੱਟ ਕੀਮਤਾਂ ਦੇਖਣ ਲਈ ਤਿਆਰ ਹੈ। ‘ਗੈਸ ਦੀਆਂ ਕੀਮਤਾਂ ਵੀਰਵਾਰ ਨੂੰ 7 ਸੈਂਟ ਪ੍ਰਤੀ ਲੀਟਰ ਘਟਣ ਤੋਂ ਬਾਅਦ ਵੀ, ਉਹ ਸ਼ੁੱਕਰਵਾਰ ਲਈ ਦੁਬਾਰਾ 2 ਸੈਂਟ ਪ੍ਰਤੀ ਲੀਟਰ ਡਿੱਗਣਗੀਆਂ, ਜਿਸ ਨਾਲ ਜ਼ਿਆਦਾਤਰ ਸਾਊਥ ਓਂਟਾਰੀਓ ਲਈ ਕੀਮਤਾਂ ਹੇਠਾਂ 175.9 ਹੋ ਜਾਣਗੀਆਂ’, ਮੈਕਟੀਗ ਨੇ ਕਿਹਾ। ਉਦਯੋਗ ਦੇ ਨਿਗਰਾਨ ਨੇ ਕਿਹਾ ਕਿ ਟੋਰਾਂਟੋ, ਜੀ.ਟੀ.ਏ., ਔਟਵਾ, ਕਿਚਨਰ, ਲੰਡਨ, ਵਿੰਡਸਰ, ਬੈਰੀ, ਨਿਆਗਰਾ ਅਤੇ ਕਿੰਗਸਟਨ ਦੇ ਪੰਪਾਂ ’ਤੇ ਵਾਹਨ ਚਾਲਕਾਂ ਨੂੰ ਡਿੱਪ ਦੇਖਣ ਨੂੰ ਮਿਲੇਗਾ। ਇਹ ਅਨੁਮਾਨਿਤ ਗਿਰਾਵਟ ਓਂਟਾਰੀਓ ’ਚ ਪਿਛਲੇ ਮਹੀਨੇ ਸ਼ੁਰੂ ਹੋਈ ਗੈਸ ਦੀ ਕੀਮਤ ’ਚ ਭਾਰੀ ਕਮੀ ਤੋਂ ਬਾਅਦ ਹੈ। ਕੁਝ ਹੱਦ ਤੱਕ ਇਹ ਪ੍ਰੋਵਿੰਸ਼ੀਅਲ ਗੈਸ ਟੈਕਸ ’ਚ ਕਟੌਤੀ ਕਰਕੇ ਹੈ। ਉਸਨੇ ਸਮਝਾਇਆ ਕਿ ਕੀਮਤ ’ਚ ਗਿਰਾਵਟ ਇਕ ‘ਥੋਡ਼੍ਹੇ ਸਮੇਂ ਦੀ ਰਾਹਤ’ ਹੋਵੇਗੀ ਤੇ ਜੁਲਾਈ ਦੇ ਅਖੀਰ ’ਚ ਗੈਸ ਦੀ ਕੀਮਤ ਵਾਪਸ ਉੱਪਰ ਆਉਣ ਦੀ ਸੰਭਾਵਨਾ ਹੈ।