ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਕੱਲ ਹੀ ਹਰਿਆਣਾ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਕਾਂਗਰਸ ਛੱਡ ਦਿੱਤੀ ਸੀ। ਦਿੱਲੀ ਸਥਿਤ ਭਾਜਪਾ ਹੈੱਡਕੁਆਰਟ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਡ਼ ਦੀ ਮੌਜੂਦਗੀ ’ਚ ਕੁਲਦੀਪ ਬਿਸ਼ਨੋਈ ਨੇ ਭਾਜਪਾ ਦੀ ਮੈਂਬਰਸ਼ਿਪ ਲਈ। ਮਨੋਹਰ ਲਾਲ ਖੱਟਡ਼ ਨੇ ਭਾਜਪਾ ’ਚ ਸ਼ਾਮਲ ਹੋਣ ’ਤੇ ਬਿਸ਼ਨੋਈ ਦਾ ਸਵਾਗਤ ਕੀਤਾ। ਕਾਂਗਰਸ ਨੇ ਇਸ ਸਾਲ ਜੂਨ ’ਚ ਹੋਈਆਂ ਰਾਜ ਸਭਾ ਚੋਣਾਂ ’ਚ ਬਿਸ਼ਨੋਈ ਦੇ ‘ਕਰਾਸ ਵੋਟਿੰਗ’ ਕਰਨ ਮਗਰੋਂ ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ। ਚਾਰ ਵਾਰ ਵਿਧਾਇਕ ਅਤੇ ਦੋ ਵਾਰ ਸੰਸਦ ਮੈਂਬਰ ਬਿਸ਼ਨੋਈ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਇਸ ਸਾਲ ਦੀ ਸ਼ੁਰੂਆਤ ’ਚ ਹਰਿਆਣਾ ਇਕਾਈ ਦੇ ਪ੍ਰਮੁੱਖ ਅਹੁਦੇ ’ਤੇ ਨਿਯੁਕਤ ਨਾ ਕੀਤੇ ਜਾਣ ਮਗਰੋਂ ਉਨ੍ਹਾਂ ਨੇ ਬਗਾਵਤੀ ਤੇਵਰ ਅਪਣਾ ਲਏ ਸਨ। ਇਸ ਤੋਂ ਬਾਅਦ ਬਿਸ਼ਨੋਈ ਨੇ ਭਾਜਪਾ ਨੇਤਾਵਾਂ ਨਾਲ ਖੁੱਲ੍ਹ ਕੇ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਖੱਟਡ਼ ਤੋਂ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਕਈ ਦੌਰ ਦੀ ਮੀਟਿੰਗ ਮਗਰੋਂ ਉਨ੍ਹਾਂ ਨੇ ਆਦਮਪੁਰ ’ਚ ਇਕ ਵੱਡੀ ਜਨ ਸਭਾ ’ਚ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ। ਕੁਲਦੀਪ ਬਿਸ਼ਨੋਈ ਆਦਮਪੁਰ ਤੋਂ ਵਿਧਾਇਕ ਰਹੇ ਹਨ। ਅਸਤੀਫ਼ਾ ਦੇਣ ਮਗਰੋਂ ਬਿਸ਼ਨੋਈ ਨੇ ਕਿਹਾ ਕਿ ਕਾਂਗਰਸ ਆਪਣੀ ਵਿਚਾਰਧਾਰਾ ਤੋਂ ਭਟਕ ਗਈ ਹੈ ਹੁਣ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਸਮੇਂ ਵਾਲੀ ਪਾਰਟੀ ਨਹੀਂ ਰਹੀ। ਭਾਵੇਂ ਹੀ ਕੁਲਦੀਪ ਬਿਸ਼ਨੋਈ ਨੇ ਭਾਜਪਾ ਦਾ ਪੱਲਾ ਫਡ਼ ਲਿਆ ਹੈ ਪਰ ਪਾਰਟੀ ’ਚ ਉਨ੍ਹਾਂ ਦੀ ਸਿਆਸੀ ਰਾਹ ਆਸਾਨ ਨਹੀਂ ਹੈ।