ਆਪਣੇ ਓ.ਐੱਸ.ਡੀ. ਨਾਲ ਗਲਤ ਤਰੀਕੇ ਨਾਲ ਰੁਪਏ ਲੈਣ ਦੀ ਗੱਬਲਾਤ ਵਾਲੀ ਆਡੀਓ ਵਾਇਰਲ ਹੋਣ ਕਰਕੇ ਵਿਵਾਦਾਂ ‘ਚ ਘਿਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਜ਼ਾਰਤ ‘ਚੋਂ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਪੰਜਾਬ ਭਰ ‘ਚ ਸਾਰੇ ਜ਼ਿਲ੍ਹਿਆਂ ‘ਚ ਧਰਨੇ ਦਿੱਤੇ ਗਏ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਵਿਖੇ ਧਰਨੇ ਦੀ ਅਗਵਾਈ ਕੀਤੀ ਜਦਕਿ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਵਾਲੇ ਧਰਨੇ ‘ਚ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ‘ਚ ਵੀ ਇਹ ਧਰਨੇ ਲੱਗੇ ਜਿੱਥੇ ਸਥਾਨਕ ਕਾਂਗਰਸੀ ਆਗੂਆਂ ਤੇ ਸਾਬਕਾ ਮੰਤਰੀਆਂ ਨੇ ਹਿੱਸਾ ਲਿਆ। ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਜੇਕਰ ਦਸ ਦਿਨਾਂ ‘ਚ ਕੋਈ ਕਾਰਵਾਈ ਨਾ ਹੋਈ ਤਾਂ ਕਾਂਗਰਸ ਪਾਰਟੀ, ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਵਿੱਢੇਗੀ। ਉਨ੍ਹਾਂ ‘ਆਪ’ ਸਰਕਾਰ ‘ਤੇ ਵਿਖਾਵੇ ਦੀ ਰਾਜਨੀਤੀ ਕਰਨ, ਰਾਜਸੀ ਕਿੱੜ ਕੱਢਣ, ਦੋਹਰੇ ਮਾਪਦੰਡ ਅਪਣਾਉਣ ਵਰਗੇ ਦੋਸ਼ ਲਾਏ। ਕਾਂਗਰਸੀ ਆਗੂਆਂ ਖ਼ਿਲਾਫ਼ ਦਰਜ ਕੀਤੇ ਗਏ ਕੇਸਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਵੜਿੰਗ ਨੇ ਕਿਹਾ ਕਿ ਸਰਕਾਰ ਇਨ੍ਹਾਂ ਵਿਚੋਂ ਇਕ ਵੀ ਦੋਸ਼ ਅਦਾਲਤ ‘ਚ ਸਾਬਤ ਨਹੀਂ ਕਰ ਸਕੇਗੀ। ਰਾਜਾ ਵੜਿੰਗ ਨੇ ਸ਼ਾਹੀ ਪਰਿਵਾਰ ਨੂੰ ਵੀ ਰੱਜ ਕੇ ਕੋਸਿਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਮੁੱਖ ਮੰਤਰੀ ਹੁੰਦਿਆਂ, ਲੋਕਾਂ ਨੂੰ ਕੁੱਟਣ ਅਤੇ ਲੁੱਟਣ ਵਰਗੇ ਦੋਸ਼ ਲਾਏ ਅਤੇ ਕਾਂਗਰਸ ਦੀ ਮੌਜੂਦਾ ਹਾਲਤ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਦੱਸਿਆ। ਵੜਿੰਗ ਨੇ ਦੁਹਰਾਇਆ ਕਿ ਸੰਸਦ ਮੈਂਬਰ ਪ੍ਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ ਅਤੇ ਨਾ ਹੀ ਮੁੜ ਕੇ ਬਣ ਸਕਣਗੇ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਪੈਰਾਂ-ਸਿਰ ਹੋ ਰਹੀ ਹੈ, ਜਿਸ ‘ਤੇ ਸ਼ਾਹੀ ਪਰਿਵਾਰ ਦਾ ਪਰਛਾਵਾਂ ਵੀ ਨਹੀਂ ਪੈਣ ਦਿੱਤਾ ਜਾਵੇਗਾ। ਦਿਲਚਸਪ ਗੱਲ ਇਹ ਰਹੀ ਕਿ ਨਵਜੋਤ ਸਿੱਧੂ ਦੇ ਸਮਰਥਕਾਂ ਵੱਲੋਂ ਵੱਖਰਾ ਧਰਨਾ ਲਾਇਆ ਗਿਆ ਜਿਸ ਨਾਲ ਕਾਂਗਰਸ ਦੀ ਧੜੇਬੰਦੀ ਇਕ ਵਾਰ ਮੁੜ ਸਾਹਮਣੇ ਆਈ ਹੈ। ਇਸ ਧਰਨਾ ਫੁਹਾਰਾ ਚੌਕ ‘ਚ ਲਾਇਆ ਗਿਆ ਜਿਸ ਦੀ ਅਗਵਾਈ ਕਾਂਗਰਸ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਨਰਿੰਦਰਪਾਲ ਲਾਲੀ ਨੇ ਕੀਤੀ।