ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਹਾਕਮ ਧਿਰ ਭਾਜਪਾ ਖ਼ਿਲਾਫ਼ ਹਮਲਾਵਰ ਰੁਖ਼ ਤੇਜ਼ ਕਰ ਦਿੱਤਾ ਹੈ। ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਇਕ ‘ਚਾਰਜਸ਼ੀਟ’ ਜਾਰੀ ਕਰਦਿਆਂ ਕਾਂਗਰਸ ਨੇ ਭਾਜਪਾ ਨੂੰ ਇਕ ‘ਭ੍ਰਿਸ਼ਟ ਜੁਮਲਾ ਪਾਰਟੀ’ ਕਰਾਰ ਦਿੱਤਾ। ਕਾਂਗਰਸ ਨੇ ਕਿਹਾ ਕਿ ਭਾਜਪਾ ਦਾ ਮੰਤਰ ਹੈ ‘ਕੁਝ ਦਾ ਸਾਥ, ਖ਼ੁਦ ਦਾ ਵਿਕਾਸ, ਸਬਕੇ ਸਾਥ ਵਿਸ਼ਵਾਸਘਾਤ’। ਵਿਰੋਧੀ ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਜੋ ਕਿ ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਹਨ, ਸ੍ਰੀਨਗਰ ‘ਚ ਲਾਲ ਚੌਕ ਖੇਤਰ ‘ਚ ਸਥਿਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ‘ਚ ਕੌਮੀ ਝੰਡਾ ਲਹਿਰਾਉਣਗੇ। ਉਪਰੰਤ ਉਹ ਸ਼ੇਰ-ਏ-ਕਸ਼ਮੀਰ ਸਟੇਡੀਅਮ ‘ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ। ਇਹ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੇ ਇਸ ਮਾਰਚ ਦਾ ਸਿਖਰ ਹੋਵੇਗਾ। ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਤੇ ਕਮਿਊਨਿਕੇਸ਼ਨ ਇੰਚਾਰਜ ਜੈਰਾਮ ਰਮੇਸ਼ ਅਤੇ ਜਨਰਲ ਸਕੱਤਰ ਤੇ ਸੰਗਠਨ ਇੰਚਾਰਜ ਕੇ.ਸੀ. ਵੇਣੂਗੋਪਾਲ ਨੇ ਯਾਤਰਾ ਦੇ ਫਾਲੋਅੱਪ ਪ੍ਰੋਗਰਾਮ ‘ਹਾਥ ਸੇ ਹਾਥ ਜੋੜੋ ਅਭਿਆਨ’ ਦਾ ਲੋਗੋ ਵੀ ਜਾਰੀ ਕੀਤਾ। ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਲੋਗੋ ਭਾਰਤ ਜੋੜੋ ਯਾਤਰਾ ਦੇ ਲੋਗੋ ਵਰਗਾ ਹੀ ਹੈ, ਫਰਕ ਸਿਰਫ ਐਨਾ ਹੈ ਕਿ ਇਸ ‘ਚ ਕਾਂਗਰਸ ਦਾ ਹੱਥ ਵਾਲਾ ਚਿੰਨ੍ਹ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ 100 ਫੀਸਦ ਰਾਜਨੀਤਿਕ ਮੁਹਿੰਮ ਹੋਵੇਗੀ ਜਿਸ ਨੂੰ ਦੇਸ਼ ਵਿਆਪੀ ਮਾਰਚ ਨਹੀਂ ਕਿਹਾ ਜਾ ਸਕਦਾ। ਵੇਣੂਗੋਪਾਲ ਨੇ ਕਿਹਾ ਕਿ 26 ਜਨਵਰੀ ਨੂੰ ਸ਼ੁਰੂ ਹੋ ਰਹੀ ਕਾਂਗਰਸ ਦੀ ਮੁਹਿੰਮ ਦੇ ਹਿੱਸੇ ਵਜੋਂ ਪਾਰਟੀ ਵੱਲੋਂ ਯਾਤਰਾ ਦੇ ਸੁਨੇਹੇ ਨਾਲ ‘ਦੋਸ਼ ਪੱਤਰ’ ਤੇ ਰਾਹੁਲ ਗਾਂਧੀ ਦਾ ਪੱਤਰ ਹਰੇਕ ਘਰ ਤੱਕ ਪਹੁੰਚਾਇਆ ਜਾਵੇਗਾ। ਦੋਹਾਂ ਆਗੂਆਂ ਵੱਲੋਂ ਜਾਰੀ ਕੀਤੇ ਗਏ ਦੋਸ਼ ਪੱਤਰ ‘ਚ ਭਾਜਪਾ ਨੂੰ ‘ਭ੍ਰਿਸ਼ਟ ਜੁਮਲਾ ਪਾਰਟੀ’ ਕਰਾਰ ਦਿੱਤਾ ਗਿਆ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਦਾ ਮੰਤਰ ‘ਕੁਝ ਦਾ ਸਾਥ, ਖ਼ੁਦ ਦਾ ਵਿਕਾਸ, ਸਬਕੇ ਸਾਥ ਵਿਸ਼ਵਾਸਘਾਤ’ ਹੈ। ਕਾਂਗਰਸ ਵੱਲੋਂ ਸਾਂਝਾ ਕੀਤਾ ਗਿਆ ਇਹ ਦੋਸ਼ ਪੱਤਰ ਤਿੰਨ ਭਾਗਾਂ ‘ਚ ਵੰਡਿਆ ਹੋਇਆ ਹੈ। ‘ਕੁਝ ਕਾ ਸਾਥ’, ‘ਖ਼ੁਦ ਕਾ ਵਿਕਾਸ’ ਅਤੇ ‘ਸਬਕੇ ਸਾਥ ਵਿਸ਼ਵਾਸਘਾਤ’। ‘ਕੁਝ ਕਾ ਸਾਥ’ ਵਾਲੇ ਹਿੱਸੇ ‘ਚ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਕਰਜ਼ਾ ਮੁਆਫੀ ਸਿਰਫ ਕੁਝ ਕੁ ਚੋਣਵੇਂ ਕਾਰੋਬਾਰੀਆਂ ਲਈ ਹੈ। 10 ਫੀਸਦ ਲੋਕ ਦੇਸ਼ ਦਾ 64 ਫੀਸਦ ਧਨ ਸੰਭਾਲੀ ਬੈਠੇ ਹਨ ਅਤੇ ਪ੍ਰਧਾਨ ਮੰਤਰੀ ਦੇ ਨੇੜਲੇ ਦੋਸਤਾਂ ਨੂੰ ਬੰਦਰਗਾਹ ਤੇ ਏਅਰਪੋਰਟ ਤੋਹਫੇ ਵਜੋਂ ਦਿੱਤੇ ਜਾਂਦੇ ਹਨ। ‘ਖ਼ੁਦ ਕਾ ਵਿਕਾਸ’ ਵਿੱਚ ਕਾਂਗਰਸ ਨੇ ਭਾਜਪਾ ‘ਤੇ ਪ੍ਰਚਾਰ ‘ਤੇ ਕਰੋੜਾਂ ਰੁਪਏ ਖਰਚ ਕਰਨ ਤੇ ਭਾਈ-ਭਤੀਜਾਵਾਦ ਨੂੰ ਸ਼ਹਿ ਦੇਣ ਦੇ ਦੋਸ਼ ਲਗਾਏ ਹਨ। ਤੀਜੇ ਹਿੱਸੇ ‘ਸਬ ਕੇ ਸਾਥ ਵਿਸ਼ਵਾਸਘਾਤ’ ਵਿੱਚ ਪਾਰਟੀ ਨੇ ਬੇਰੁਜ਼ਗਾਰੀ, ਅਨਾਜ ਸੁਰੱਖਿਆ, ਮਹਿਲਾਵਾਂ ਦੀ ਸੁਰੱਖਿਆ, ਕਿਸਾਨਾਂ ਦੀ ਮਾੜੀ ਹਾਲਤ, ਨਫ਼ਰਤੀ ਤਕਰੀਰਾਂ, ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਦੇ ਰੁਝਾਨ ਤੇ ਵੱਖ-ਵੱਖ ਖੇਤਰਾਂ ‘ਚ ਕੌਮਾਂਤਰੀ ਇੰਡੈਕਸ ‘ਚ ਇੰਡੀਆ ਦੀ ਰੈਂਕਿੰਗ ਵਰਗੇ ਮੁੱਦੇ ਉਠਾਏ ਹਨ।