ਦੱਖਣੀ ਕੋਰੀਆ ਦੇ ਕੋਚ ਪਾਰਕ ਤਾਇ ਸਾਂਗ ਤੋਂ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਵੱਖ ਹੋ ਗਈ ਹੈ। ਕੋਚ ਪਾਰਕ ਨੇ ਹੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਭਾਰਤੀ ਖਿਡਾਰਨ ਦੇ ਹਾਲ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਖਿਡਾਰਨ ਬਦਲਾਅ ਚਾਹੁੰਦੀ ਸੀ। ਪਾਰਕ ਤਾਇ ਸਾਂਗ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਲਿਖਿਆ, ‘ਮੈਂ ਪੀ.ਵੀ. ਸਿੰਧੂ ਨਾਲ ਆਪਣੇ ਸਬੰਧਾਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜਿਸ ਬਾਰੇ ਕਈ ਵਿਅਕਤੀਆਂ ਨੇ ਪੁੱਛਿਆ ਹੈ। ਹਾਲ ਦੇ ਮੈਚਾਂ ‘ਚ ਉਸ ਨੇ ਕੁਝ ਨਿਰਾਸ਼ਾਜਨਕ ਕਦਮ ਉਠਾਏ ਅਤੇ ਕੋਚ ਦੇ ਤੌਰ ‘ਤੇ ਮੈਨੂੰ ਲੱਗਦਾ ਹੈ ਕਿ ਇਹ ਮੇਰੀ ਜ਼ਿੰਮੇਵਾਰੀ ਹੈ।’ ਉਨ੍ਹਾਂ ਕਿਹਾ, ‘ਇਸ ਵਾਸਤੇ ਉਹ ਬਦਲਾਅ ਚਾਹੁੰਦੀ ਹੈ ਅਤੇ ਉਸ ਨੇ ਕਿਹਾ ਹੈ ਕਿ ਉਹ ਨਵੇਂ ਕੋਚ ਦੀ ਭਾਲ ਕਰੇਗੀ। ਮੈਂ ਇਸ ਫ਼ੈਸਲੇ ਦਾ ਸਨਮਾਨ ਕਰਨ ਅਤੇ ਉਸ ਦੀ ਪਾਲਣਾ ਕਰਨ ਦਾ ਫ਼ੈਸਲਾ ਲਿਆ ਹੈ। ਮੈਨੂੰ ਦੁੱਖ ਹੈ ਕਿ ਮੈਂ ਅਗਲੇ ਓਲੰਪਿਕ ਤੱਕ ਉਸ ਦੇ ਨਾਲ ਨਹੀਂ ਰਹਿ ਸਕਦਾ ਪਰ ਇਸ ਦੇ ਬਾਵਜੂਦ ਮੇਰਾ ਸਮਰਥਨ ਉਸ ਦੇ ਨਾਲ ਰਹੇਗਾ।’ ਪਾਰਕ ਤਾਇ ਸਾਂਗ ਦੇ ਰਹਿੰਦੇ ਹੋਏ ਸਿੰਧੂ ਨੇ ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗ਼ਮਾ ਅਤੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗ਼ਮਾ ਜਿੱਤਿਆ ਸੀ।