ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦਾ ‘ਸਭ ਕੁਝ’ ਦਾਅ ‘ਤੇ ਲੱਗਾ ਨਜ਼ਰ ਆ ਰਿਹਾ ਹੈ। ਇਹ ਸੀਟ ਜਿੱਤਣ ਲਈ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰੋਡ ਸ਼ੋਅ ਦੌਰਾਨ ਜਲੰਧਰ ਵਾਸੀਆਂ ਨੂੰ ਇਤਿਹਾਸ ਰਚਨ ਦਾ ਸੱਦਾ ਦਿੱਤਾ। ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਦੇ ਪਿਮਸ ਹਸਪਤਾਲ ਨੂੰ ਪੰਜਾਬ ਸਰਕਾਰ ਆਪਣੇ ਹੱਥਾਂ ‘ਚ ਲਵੇਗੀ ਤੇ ਉਸ ਨੂੰ ਬਿਹਤਰ ਢੰਗ ਨਾਲ ਚਲਾਏਗੀ। ਉਨ੍ਹਾਂ ਕਿਹਾ ਕਿ ਇਸ ਵਾਰੇ ਹਸਪਤਾਲ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਦਾ ਨਾਂਅ ਖੇਡਾਂ ਦਾ ਸਮਾਨ ਬਣਾਉਣ ‘ਚ ਦੁਨੀਆਂ ਭਰ ‘ਚ ਜਾਣਿਆ ਜਾਂਦਾ ਹੈ। ਫਰਾਂਸ ‘ਚ ਨਵੰਬਰ 2023 ‘ਚ ਹੋਣ ਵਾਲੀ ਰਗਬੀ ਖੇਡ ਲਈ ਦੋ ਲੱਖ ਬਾਲਾਂ ਜਲੰਧਰ ਬਣ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਨੂੰ ਮੁੰਦਰੀ ਦੇ ਨਗ ਵਾਂਗ ਚਮਕਾ ਕੇ ਰੱਖਾਂਗੇ। ਭਗਵੰਤ ਮਾਨ ਨੇ ਕਿਹਾ ਕਿ ਝਾੜੂ ਵਾਲਾ ਬਟਨ ਦਬਾਅ ਕੇ ਵਿਕਾਸ ਦਾ ਰਾਹ ਖੋਲ੍ਹਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਸ਼ੀਨ ‘ਚ ‘ਆਪ’ ਦੇ ਉਮੀਦਵਾਰ ਦਾ ਨੰਬਰ ਦੋ ‘ਤੇ ਹੈ ਪਰ ਆਉਣਾ ਪਹਿਲੇ ਨੰਬਰ ‘ਤੇ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜਲੰਧਰ ਦੇ ਵੋਟਰ ਸੰਗਰੂਰ ਦਾ ਰਿਕਾਰਡ ਤੋੜ ਦੇਣਗੇ। ਕੇਜਰੀਵਾਲ ਨੇ ਰੋਡ ਸ਼ੋਅ ਦੌਰਾਨ ਕਿਹਾ ਕਿ 60 ਸਾਲ ਕਾਂਗਰਸ ਦਾ ਐੱਮ.ਪੀ. ਬਣਦਾ ਰਿਹਾ ਪਰ ਜਲੰਧਰ ਕੂੜੇ ਦੇ ਢੇਰ ‘ਤੇ ਬੈਠਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁੱਖ ਮੰਤਰੀ ਤੁਹਾਡੇ ਕੋਲੋਂ ਸਿਰਫ 11 ਮਹੀਨੇ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਜਲੰਧਰ ਦੇ ਲੋਕਾਂ ਦੀ ਵੋਟ ਦੀ ਲੋੜ ਨਹੀਂ ਇਸ ਕਰਕੇ ਪਾਰਟੀ ਦਾ ਕੋਈ ਸੀਨੀਅਰ ਕਾਂਗਰਸੀ ਆਗੂ ਵੋਟਾਂ ਮੰਗਣ ਲਈ ਨਹੀਂ ਆਇਆ। ਭਗਵੰਤ ਮਾਨ ਨੇ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਇਆ ਜਦਕਿ ਅਰਵਿੰਦ ਕੇਜਰੀਵਾਲ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ।