ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ‘ਚ ਪੁੱਛ-ਪੜਤਾਲ ਲਈ ਸੀ.ਬੀ.ਆਈ. ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਸ਼ੁੱਕਰਵਾਰ ਨੂੰ ਕੇਜਰੀਵਾਲ ਨੂੰ ਜਾਂਚ ਦੌਰਾਨ ਇਕੱਤਰ ਕੀਤੀ ਜਾਣਕਾਰੀ ‘ਤੇ ਸਵਾਲਾਂ ਦੇ ਜਵਾਬ ਦੇਣ ਲਈ 16 ਅਪ੍ਰੈਲ ਨੂੰ ਗਵਾਹ ਵਜੋਂ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਸ ਮਾਮਲੇ ਦੀ ਜਾਂਚ ਦੇ ਸਬੰਧ ‘ਚ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਜਰੀਵਾਲ ਸਵੇਰੇ 11.10 ਵਜੇ ਆਪਣੀ ਕਾਰ ‘ਚ ਸੀ.ਬੀ.ਆਈ. ਹੈੱਡਕੁਆਰਟਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਸੀ.ਬੀ.ਆਈ. ਦੇ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਦੇ ਪਹਿਲੀ ਮੰਜ਼ਿਲ ਸਥਿਤ ਦਫ਼ਤਰ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾਕ੍ਰਮ ‘ਤੇ ਨਜ਼ਰ ਰੱਖਣ ਲਈ ਏਜੰਸੀ ਦੇ ਸੀਨੀਅਰ ਅਧਿਕਾਰੀ ਦਫ਼ਤਰ ‘ਚ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ. ਆਮ ਆਦਮੀ ਪਾਰਟੀ ਦੇ ਮੁਖੀ ਤੋਂ ਆਬਕਾਰੀ ਨੀਤੀ ਬਣਾਉਣ ਦੀ ਪ੍ਰਕਿਰਿਆ ਬਾਰੇ ਅਤੇ ਖਾਸ ਤੌਰ ‘ਤੇ ਦਿੱਲੀ ਮੰਤਰੀ ਮੰਡਲ ਦੇ ਸਾਹਮਣੇ ਰੱਖੀ ਜਾਣ ਵਾਲੀ ਫਾਈਲ ਬਾਰੇ ਪੁੱਛ-ਪੜਤਾਲ ਕਰ ਸਕਦੀ ਹੈ, ਜਿਸ ਦਾ ‘ਪਤਾ ਨਹੀਂ ਲੱਗ ਸਕਿਆ’ ਹੈ। ਸੀ.ਬੀ.ਆਈ. ਦਫ਼ਤਰ ਪੇਸ਼ ਹੋਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ ਹੋਰ ਨੇਤਾ ਉਨ੍ਹਾਂ ਦੇ ਨਾਲ ਸਨ। ਸੀ.ਬੀ.ਆਈ. ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਦੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਤਲਬ ਕੀਤੇ ਜਾਣ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਕੇ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ‘ਚ ਟ੍ਰੈਫਿਕ ਜਾਮ ਹੋ ਗਿਆ। ‘ਆਪ’ ਦੇ ਧਰਨੇ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਆਨੰਦ ਵਿਹਾਰ ਟਰਮੀਨਲ, ਆਈ.ਟੀ.ਓ. ਚੌਕ, ਮੁਕਰਬਾ ਚੌਕ, ਪੀਰਾਗੜ੍ਹੀ ਚੌਕ, ਲਾਡੋ ਸਰਾਏ ਚੌਕ, ਕਰਾਊਨ ਪਲਾਜ਼ਾ ਚੌਕ, ਦਵਾਰਕਾ ਮੋਡ, ਸੈਕਟਰ 6 ਅਤੇ ਸੈਕਟਰ 2 ਚੌਕ, ਪੈਸੀਫਿਕ ਵਾਲਾ ਚੌਕ, ਸੁਭਾਸ਼ ਨਗਰ ਚੌਕ, ਪ੍ਰੇਮਵਾੜੀ ਚੌਕ, ਰਿੰਗਵੇਅ ਰੋਡ, ਨਵੀਂ ਦਿੱਲੀ, ਵੱਡਾ ਹਨੂੰਮਾਨ ਮੰਦਰ, ਕਰੋਲ ਬਾਗ ਚੌਕ, ਆਈ.ਆਈ.ਟੀ. ਕਰਾਸਿੰਗ, ਆਈ.ਐਸ.ਬੀ.ਟੀ. ਕਸ਼ਮੀਰੀ ਗੇਟ, ਰਾਜਘਾਟ ਅਤੇ ਮੁਰਗਾ ਮੰਡੀ ਗਾਜ਼ੀਪੁਰ ਨੇੜੇ ਐੱਨ.ਐੱਚ.24 ‘ਤੇ ਪ੍ਰਦਰਸ਼ਨ ਵਾਲੀਆਂ ਥਾਵਾਂ ‘ਤੇ ਟ੍ਰੈਫਿਕ ਜਾਮ ਦੇਖੇ ਗਏ। ਕਈ ਥਾਵਾਂ ‘ਤੇ ਟਰੈਫਿਕ ਪੁਲੀਸ ਮੁਲਾਜ਼ਮਾਂ ਦੇ ਨਾਲ ਪੁਲੀਸ ਮੁਲਾਜ਼ਮ ਵੀ ਤਾਇਨਾਤ ਸਨ। ਦਿੱਲੀ ਪੁਲੀਸ ਨੇ ਸੀ.ਬੀ.ਆਈ. ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਈ ‘ਆਪ’ ਨੇਤਾਵਾਂ ਅਤੇ ਕਾਰਕੁਨਾਂ ਨੂੰ ਹਿਰਾਸਤ ‘ਚ ਲੈ ਲਿਆ। ਪੁਲੀਸ ਵੱਲੋਂ ਹਿਰਾਸਤ ‘ਚ ਲਏ ਗਏ ਨੇਤਾਵਾਂ ‘ਚ ਪੰਜਾਬ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਹਰਜੋਤ ਸਿੰਘ ਬੈਂਸ ਅਤੇ ਅਮਨ ਅਰੋੜਾ ਤੋਂ ਇਲਾਵਾ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ, ਆਤਿਸ਼ੀ ਸਿੰਘ ਅਤੇ ਸੌਰਭ ਭਾਰਦਵਾਜ ਸ਼ਾਮਲ ਹਨ। ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਕੇਸ ‘ਚ ਸੀ.ਬੀ.ਆਈ. ਵੱਲੋਂ ਪੁੱਛ ਪੜਤਾਲ ਲਈ ਤਲਬ ਕੀਤੇ ਜਾਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਇਸੇ ਤਰ੍ਹਾਂ ਪੰਜਾਬ ਸਰਕਾਰ ‘ਚ ਕਈ ਮੰਤਰੀ ਵੀ ਪ੍ਰਦਰਸ਼ਨ ਲਈ ਦਿੱਲੀ ਪੁੱਜੇ ਜਿਨ੍ਹਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਗਿਆ।