ਫਰੀਦਕੋਟ ਅਦਾਲਤ ‘ਚ 24 ਫਰਵਰੀ ਨੂੰ ਪੇਸ਼ ਕੀਤੀ ਸੱਤ ਹਜ਼ਾਰ ਸਫਿਆਂ ਦੀ ਚਾਰਜਸ਼ੀਟ ਤੋਂ ਬਾਅਦ ਅੱਜ ਸੋਮਵਾਰ ਨੂੰ ਰੱਖੀ ਗਈ ਸੁਣਵਾਈ ਦੌਰਾਨ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਤੇ ਹੋਰਨਾਂ ਨੂੰ 23 ਮਾਰਚ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਹਨ। ਸਾਲ 2015 ‘ਚ ਬਰਗਾੜੀ ਕਾਂਡ ਦੀ ਘਟਨਾ ਦੇ ਰੋਸ ਵਜੋਂ ਕੋਟਕਪੂਰਾ ਚੌਕ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲੀਸ ਵੱਲੋਂ ਲਾਠੀਚਾਰਜ ਅਤੇ ਗੋਲੀਆਂ ਚਲਾਉਣ ਦੇ ਮਾਮਲੇ ‘ਚ ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਐੱਸ.ਆਈ.ਟੀ. ਨੇ ਇਹ ਚਲਾਨ ਪੇਸ਼ ਕੀਤਾ ਸੀ ਜਿਸ ਦੇ ਆਧਾਰ ‘ਤੇ ਅੱਜ ਸੰਮਨ ਜਾਰੀ ਹੋਏ ਹਨ। ਦੋਵੇਂ ਬਾਦਲਾਂ, ਸੁਮੇਧ ਸੈਣੀ ਤੇ ਹੋਰਨਾਂ ਨੂੰ ਪੁੱਛਗਿੱਛ ਲਈ ਤਾਂ ਸੱਦਿਆ ਜਾਂਦਾ ਰਿਹਾ ਹੈ ਪਰ ਅਦਾਲਤ ਵੱਲੋਂ ਸੰਮਨ ਪਹਿਲੀ ਵਾਰ ਜਾਰੀ ਹੋਏ ਹਨ। ਬੇਅਦਬੀ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ‘ਸਿਟ’ ਨੇ ਚਾਰਜਸ਼ੀਟ ਅਦਾਲਤ ‘ਚ ਦਾਖ਼ਲ ਕੀਤੀ ਤਾਂ ਸਿਆਸੀ ਅਤੇ ਪੰਥਕ ਹਲਕਿਆਂ ‘ਚ ਹਲਚਲ ਹੋਣੀ ਸੁਭਾਵਿਕ ਸੀ ਕਿਉਂਕਿ ਚਾਰਜਸ਼ੀਟ ‘ਚ ਉਕਤ ਅਹਿਮ ਨਾਂ ਸ਼ਾਮਲ ਸਨ ਪਰ ਅੱਜ ਉਸ ਤੋਂ ਵੱਡੀ ਸਿਆਸੀ ਹਲਚਲ ਸੰਮਨ ਜਾਰੀ ਹੋਣ ਨਾਲ ਹੋਈ ਹੈ। ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਨੇ ਚਲਾਨ ਰਿਪੋਰਟਾਂ ਨੂੰ ਦੇਖਣ ਅਤੇ ਵਾਚਣ ਤੋਂ ਬਾਅਦ 6 ਮਾਰਚ ਲਈ ਸੁਣਵਾਈ ਦੀ ਤਾਰੀਖ਼ ਦਿੱਤੀ ਸੀ ਪਰ ਅੱਜ ਅਦਾਲਤ ਨੇ ਉਕਤ ਕੇਸ ਦੀ ਸੁਣਵਾਈ ਕਰਦਿਆਂ 23 ਮਾਰਚ ਲਈ ਚਲਾਨ ਰਿਪੋਰਟਾਂ ‘ਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਸੰਮਨ ਜਾਰੀ ਕਰ ਕੇ ਅਦਾਲਤ ‘ਚ ਤਲਬ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਚਲਾਨ ਰਿਪੋਰਟਾਂ ਵਿੱਚ ‘ਸਿਟ’ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਗੋਲੀਕਾਂਡ ਵਾਲੀ ਘਟਨਾ ਦੇ ਮੁੱਖ ਸਾਜ਼ਿਸ਼ਘਾੜੇ ਦੱਸਿਆ ਗਿਆ ਸੀ ਜਦਕਿ ਪ੍ਰਕਾਸ਼ ਸਿੰਘ ਬਾਦਲ ਨੂੰ ਮਦਦਗਾਰ ਵਜੋਂ ਨਾਮਜ਼ਦ ਕੀਤਾ ਗਿਆ। ਹੁਣ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਵੱਲੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ ਤੋਂ ਇਲਾਵਾ ਪਰਮਰਾਜ ਸਿੰਘ ਉਮਰਾਨੰਗਲ, ਅਮਰ ਸਿੰਘ ਚਾਹਲ, ਸੁਖਮੰਦਰ ਸਿੰਘ ਮਾਨ, ਚਰਨਜੀਤ ਸ਼ਰਮਾ, ਗੁਰਦੀਪ ਸਿੰਘ ਪੰਧੇਰ ਆਦਿ ਨੂੰ 23 ਮਾਰਚ ਲਈ ਸੰਮਨ ਜਾਰੀ ਕੀਤੇ ਗਏ ਹਨ।