ਬਹੁਚਰਚਿਤ ਕੋਟਕਪੂਰਾ ਗੋਲੀ ਕਾਂਡ ‘ਚ ਪੰਜਾਬ ਸਰਕਾਰ ਵੱਲੋਂ ਬਾਦਲ ਪਿਉ-ਪੁੱਤ ਦੀ ਕਾਨੂੰਨੀ ਘੇਰਾਬੰਦੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਪਿੰਡ ਬਾਦਲ ‘ਚ ਕੋਰ ਕਮੇਟੀ ਮੀਟਿੰਗ ਹੋਈ ਜਿਸ ‘ਚ 23 ਮਾਰਚ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਫਰੀਦਕੋਟ ਅਦਾਲਤ ‘ਚ ਪੇਸ਼ ਹੋਣ ਬਾਰੇ ਅਤੇ ਸਮੁੱਚੇ ਮਾਮਲੇ ਬਾਰੇ ਕਾਨੂੰਨੀ ਪੱਖਾਂ ਤੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਅਕਾਲੀ ਦਲ ਨੇ ਕਾਨੂੰਨੀ ਸੰਕਟ ਨਾਲ ਨਜਿੱਠਣ ਲਈ ਭਗਵੰਤ ਮਾਨ ਸਰਕਾਰ ਖਿਲਾਫ਼ ਆਰੰਭੇ ਹੋਏ ਪੰਜਾਬ ਬਚਾਓ ਧਰਨਿਆਂ ਨੂੰ 3 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਹੈ। ਕੋਰ ਕਮੇਟੀ ਨੇ ਸਰਕਾਰ ਦੇ ਝੂਠੇ ਮੁਕੱਦਮਿਆਂ ਵਾਲੀ ਸਾਜ਼ਿਸ਼ੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਾਨੂੰਨੀ ਪੱਖੋਂ ਅਤੇ ਜਥੇਬੰਦਕ ਪੱਧਰ ‘ਤੇ ਡਟਵਾਂ ਮੁਕਾਬਲਾ ਕਰਨ ਦਾ ਅਹਿਦ ਲਿਆ। ਸੂਤਰਾਂ ਮੁਤਾਬਕ ਵੱਡੇ ਬਾਦਲ ਦੇ ਅਦਾਲਤ ‘ਚ ਪੇਸ਼ ਹੋਣ ਮੌਕੇ ਅਕਾਲੀ ਦਲ ਦੀ ਸਿਖ਼ਰਲੀ ਲੀਡਰਸ਼ਿਪ ਵੀ ਫਰੀਦਕੋਟ ਪੁੱਜੇਗੀ। ਆਗਾਮੀ ਵਟਾਂਦਰੇ ਲਈ ਕੋਰ ਕਮੇਟੀ ਦੀ ਆਗਾਮੀ ਮੀਟਿੰਗ ਚੰਡੀਗੜ੍ਹ ‘ਚ ਕਰਨ ਦੀ ਚਰਚਾ ਹੈ। ਕੋਰ ਕਮੇਟੀ ਮੀਟਿੰਗ ਮੌਕੇ ਸੂਬੇ ‘ਚ ਬਰਸਾਤਾਂ ਕਰਕੇ ਖ਼ਰਾਬ ਹੋਈ ਕਣਕ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਗਈ। ਕੋਰ ਕਮੇਟੀ ਮੀਟਿੰਗ ‘ਚ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਪਰਮਜੀਤ ਸਿੰਘ ਸਰਨਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਜਨੇਮਜਾ ਸਿੰਘ ਸੇਖੋਂ ਅਤੇ ਗੁਲਜਾਰ ਸਿੰਘ ਰਣੀਕੇ ਮੌਜੂਦ ਸਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ‘ਚ ਬਠਿੰਡਾ ਤੇ ਫਿਰੋਜ਼ਪੁਰ ਲੋਕ ਸਭਾ ਖੇਤਰਾਂ ਦੇ ਪਾਰਟੀ ਵਰਕਰਾਂ ਅਤੇ ਹਲਕਾ ਇੰਚਾਰਜਾਂ ਨਾਲ ਮੀਟਿੰਗਾਂ ਕੀਤੀਆਂ। ਹੁਣ ਸਾਰੀਆਂ ਨਜ਼ਰਾਂ 23 ਮਾਰਚ ‘ਤੇ ਲੱਗੀਆਂ ਹਨ ਜਦੋਂ ਬਾਦਲ ਅਦਾਲਤ ‘ਚ ਪੇਸ਼ ਹੋਣਗੇ।