ਇਕ ਵਹਿਸ਼ੀ ਹਮਲੇ ‘ਚ ਮਿਆਂਮਾਰ ‘ਚ ਫੌਜ ਨੇ ਇਕ ਬੌਧ ਮੱਠ ‘ਤੇ ਹਮਲਾ ਕਰਕੇ ਗੋਲੀਆਂ ਵਰ੍ਹਾ ਦਿੱਤੀਆਂ ਅਤੇ ਕਤਾਰ ‘ਚ ਖੜ੍ਹੇ ਕਰਕੇ 30 ਲੋਕਾਂ ਨੂੰ ਮਾਰ ਦਿੱਤਾ। ਇੰਨਾ ਹੀ ਨਹੀਂ ਘਰਾਂ ਨੂੰ ਅੱਗ ਵੀ ਲਾ ਦਿੱਤੀ ਗਈ। ਇਸ ਫਾਇਰਿੰਗ ‘ਚ 30 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮਰਨ ਵਾਲਿਆਂ ‘ਚ ਕਈ ਬੌਧ ਭਿਕਸ਼ੂ ਵੀ ਸ਼ਾਮਲ ਹਨ। ਇਹ ਹਮਲਾ ਮਿਆਂਮਾਰ ਦੇ ਸ਼ਾਨ ਸੂਬੇ ਦੇ ਇਕ ਪਿੰਡ ‘ਚ ਕੀਤਾ ਗਿਆ। ਕਾਰਨੇਨੀ ਨੈਸ਼ਨਲਿਸਟ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਹਮਲੇ ‘ਚ ਮਿਆਂਮਾਰ ਦੀ ਜ਼ਮੀਨੀ ਫੌਜ ਨਾਲ ਹਵਾਈ ਫੌਜ ਵੀ ਸ਼ਾਮਲ ਸੀ। ਫੌਜ ਦੇ ਹਮਲੇ ਤੋਂ ਬਚਣ ਲਈ ਵੱਡੀ ਗਿਣਤੀ ‘ਚ ਲੋਕ ਭੱਜ ਕੇ ਪਿੰਡ ‘ਚ ਸਥਿਤ ਬੌਧ ਮੱਠ ‘ਚ ਜਾ ਲੁਕੇ। ਫੌਜ ਨੇ ਇਨ੍ਹਾਂ ਲੋਕਾਂ ਨੂੰ ਮੱਠ ਦੀ ਕੰਧ ਦੇ ਸਹਾਰੇ ਖੜ੍ਹਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ। ਇਸ ਹਮਲੇ ‘ਚ ਕੁਝ ਬੌਧ ਭਿਕਸ਼ੂਆਂ ਸਮੇਤ 30 ਲੋਕਾਂ ਦੀ ਮੌਤ ਹੋ ਗਈ। ਹਮਲੇ ਦੌਰਾਨ ਫੌਜ ਨੇ ਕਈ ਮਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਨਾਲ ਪੂਰੇ ਪਿੰਡ ‘ਚ ਚੀਕ-ਚਿਹਾੜਾ ਮਚ ਗਿਆ। ਸ਼ਾਨ ਸੂਬਾ ਥਾਈਲੈਂਡ ਦੀ ਸਰਹੱਦ ਨਾਲ ਲੱਗਦਾ ਹੈ। ਇਥੇ ਤਖਤਾ ਪਲਟ ਤੋਂ ਬਾਅਦ ਤੋਂ ਫੌਜ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਹਿੰਸਕ ਝੜਪਾਂ ਆਮ ਗੱਲ ਹੋ ਗਈ ਹੈ। ਕਾਰੇਨੀ ਸੰਗਠਨ ਫੌਜ ਵਿਰੋਧੀ ਹੈ ਅਤੇ ਸ਼ਾਨ ਸੂਬੇ ਦੀ ਰਾਜਧਾਨੀ ਨਾਨ ਨੇਈਨ ਇਸ ਦਾ ਗੜ੍ਹ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਮਿਆਂਮਾਰ ‘ਚ ਸਾਲ 2021 ‘ਚ ਫੌਜ ਨੇ ਸਰਕਾਰ ਦਾ ਤਖਤਾ ਪਲਟ ਕੇ ਸੱਤਾ ‘ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਦੇਸ਼ ‘ਚ ਹਿੰਸਾ ਜਾਰੀ ਹੈ। ਇਸ ਹਿੰਸਾ ਕਾਰਨ ਮਿਆਂਮਾਰ ‘ਚ ਹੁਣ ਤੱਕ 40 ਹਜ਼ਾਰ ਲੋਕ ਬੇਘਰ ਹੋ ਚੁੱਕੇ ਹਨ। 80 ਲੱਖ ਬੱਚੇ ਸਕੂਲ ਜਾਣ ਤੋਂ ਅਸਮਰੱਥ ਹਨ ਅਤੇ ਡੇਢ ਕਰੋੜ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਹੁਣ ਤੱਕ ਸਰਕਾਰੀ ਅੰਕੜਿਆਂ ਮੁਤਾਬਕ ਇਸ ਲੜਾਈ ‘ਚ 2900 ਲੋਕਾਂ ਦੀ ਮੌਤ ਹੋ ਚੁੱਕੀ ਹੈ।