ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਖੁਸ਼ਖ਼ਬਰੀ ਹੈ ਕਿ ਇੰਡੀਆ ਸਰਕਾਰ ਨੇ ਕੈਨੇਡਾ ਦੇ ਪਾਸਪੋਰਟ ਧਾਰਕਾਂ ਲਈ ਤੁਰੰਤ ਪ੍ਰਭਾਵ ਨਾਲ ਈ-ਵੀਜ਼ਾ ਸਹੂਲਤ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇੰਡੀਆ ਦਾ ਵੀਜ਼ਾ ਲੈਣ ‘ਚ ਆ ਰਹੀਆਂ ਦਿੱਕਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਇੰਡੀਆ ਜਾਣ ਲਈ ਵੀਜ਼ਾ ਲੈਣ ‘ਚ ਲੰਬੀ ਉਡੀਕ ਤੋਂ ਇਲਾਵਾ ਲੰਬੀਆਂ ਕਤਾਰਾਂ ‘ਚ ਕਈ ਘੰਟੇ ਤੱਕ ਲੱਗਣ ਤੋਂ ਲੋਕ ਨਿਰਾਸ਼ ਸਨ। ਇਸ ਸਬੰਧੀ ਕੁਝ ਵਫ਼ਦ ਇੰਡੀਆ ‘ਚ ਮੰਤਰੀਆਂ ਨੂੰ ਮਿਲੇ ਸਨ ਅਤੇ ਹੋਰਨਾਂ ਪੱਧਰਾਂ ‘ਤੇ ਵੀ ਈ-ਵੀਜ਼ਾ ਮੁੜ ਸ਼ੁਰੂ ਕਰਨ ਦੀ ਮੰਗ ਜ਼ੋਰ ਸ਼ੋਰ ਨਾਲ ਚੁੱਕ ਰਹੇ ਸਨ। ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਕੈਨੇਡਾ ਦੇ ਪਾਸਪੋਰਟ ਧਾਰਕਾਂ ਲਈ ਈ-ਵੀਜ਼ਾ ਸਹੂਲਤ ਤੁਰੰਤ ਪ੍ਰਭਾਵ ਨਾਲ ਬਹਾਲ ਕੀਤੀ ਜਾਂਦੀ ਹੈ। ਔਟਵਾ ‘ਚ ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ ‘ਚ ਕਿਹਾ ਕਿ ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਇਹ ਸਹੂਲਤ 20 ਦਸੰਬਰ 2022 ਤੋਂ ਬਹਾਲ ਕਰ ਦਿੱਤੀ ਗਈ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਕੈਨੇਡੀਅਨ ਪਾਸਪੋਰਟ ਧਾਰਕ, ਜੋ ਸੈਰ-ਸਪਾਟਾ, ਕਾਰੋਬਾਰ, ਸਿਹਤ ਜਾਂ ਸੰਮੇਲਨ ਲਈ ਇੰਡੀਆ ਆਉਣਾ ਚਾਹੁੰਦੇ ਹਨ, ਉਹ ਪੋਰਟਲ ‘ਤੇ ਈ-ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਕੈਨੇਡੀਅਨ ਪਾਸਪੋਰਟ ਧਾਰਕ ਕਿਸੇ ਵੀ ਉਦੇਸ਼ ਲਈ ਇੰਡੀਆ ਦੀ ਯਾਤਰਾ ਕਰਨਾ ਚਾਹੁੰਦੇ ਹਨ, ਜੋ ਈ-ਵੀਜ਼ਾ ਲਈ ਯੋਗ ਨਹੀਂ ਹਨ ਉਹ ਵੈੱਬਸਾਈਟ ‘ਤੇ ਪੇਪਰ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਇਹੀ ਪ੍ਰਕਿਰਿਆ ਲੇਸੀਜ਼-ਪਾਸ ਯਾਤਰਾ ਦਸਤਾਵੇਜ਼ਾਂ ਦੇ ਧਾਰਕਾਂ ‘ਤੇ ਲਾਗੂ ਹੁੰਦੀ ਹੈ। ਇਸ ਤੋਂ ਇਲਾਵਾ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੈਨੇਡਾ ‘ਚ ਵੱਖ-ਵੱਖ ਬੀ.ਐੱਲ. ਐੱਸ. ਕੇਂਦਰਾਂ ਰਾਹੀਂ ਵੀਜ਼ਾ ਲਈ ਅਰਜ਼ੀ ਦਿੱਤੀ ਹੈ, ਉਹ ਇਸ ਦੇ ਜਾਰੀ ਹੋਣ ਦੀ ਉਡੀਕ ਕਰਨ।