ਜਿਉਂ ਜਿਉਂ ਕੈਨੇਡਾ ਜਾਣ ਵਾਲੇ ਪੰਜਾਬੀ ਮੁੰਡੇ ਕੁੜੀਆਂ ਦੀ ਗਿਣਤੀ ‘ਚ ਰਿਕਾਰਡ ਵਾਧਾ ਹੋ ਰਿਹਾ ਹੈ ਉਵੇਂ ਹੀ ਸੌਦੇ ਵਾਲੇ ਵਿਆਹਾਂ ਦੇ ਭਿਆਨਕ ਨਤੀਜੇ ਵੀ ਸਾਹਮਣੇ ਆਉਂਦੇ ਹਨ। ਪਹਿਲਾਂ ਕੁਝ ਨੌਜਵਾਨ ਖੁਦਕੁਸ਼ੀ ਤੱਕ ਕਰ ਚੁੱਕੇ ਹਨ ਜਦਕਿ ਹੁਣ ਲੁਧਿਆਣਾ ‘ਚ ਇਕ ਵੱਖਰੀ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕੈਨੇਡਾ ਗਈ ਮੰਗੇਤਰ ਦੇ ਵਿਆਹ ਤੋਂ ਮੁੱਕਰ ਜਾਣ ਕਾਰਨ ਇਕ ਨੌਜਵਾਨ ਅਦਾਲਤੀ ਕੰਪਲੈਕਸ ਦੀ ਟੈਂਕੀ ‘ਤੇ ਚੜ੍ਹ ਗਿਆ ਜਿਸ ਨੇ ਉਪਰੋਂ ਛਾਲ ਮਾਰਨ ਦੀ ਧਮਕੀ ਦੇ ਦਿੱਤੀ। ਨੌਜਵਾਨ ਨੂੰ ਟੈਂਕੀ ‘ਤੇ ਚੜ੍ਹਿਆ ਦੇਖ ਕੇ ਉਥੇ ਮੌਜੂਦ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਮੁਲਾਜ਼ਮਾਂ ਨੇ ਮੌਕੇ ‘ਤੇ ਪੁੱਜ ਕੇ ਨੌਜਵਾਨ ਹਰਪ੍ਰੀਤ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਦੀ ਮੰਗੇਤਰ ਉਸ ਨਾਲ 10 ਲੱਖ ਰੁਪਏ ਦੀ ਠੱਗੀ ਮਾਰ ਕੇ ਕੈਨੇਡਾ ਚਲੀ ਗਈ ਹੈ ਤੇ ਵਿਦੇਸ਼ੀ ਧਰਤੀ ‘ਤੇ ਪੁੱਜਦੇ ਹੀ ਉਸ ਨੇ ਵਿਆਹ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਹੈ। ਕਰੀਬ ਡੇਢ ਘੰਟੇ ਬਾਅਦ ਹਰਪ੍ਰੀਤ ਦੇ ਦੋਸਤਾਂ ਨੇ ਉਸ ਨੂੰ ਮਨਾਇਆ ਤੇ ਹੇਠਾਂ ਉਤਾਰਿਆ। ਪੁਲੀਸ ਨੇ ਵੀ ਉਸ ਨੂੰ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਹਰਪ੍ਰੀਤ ਦੇ ਪਿਤਾ ਲਛਮਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਉਕਤ ਲੜਕੀ ਨਾਲ ਮੰਗਣੀ ਕੀਤੀ ਸੀ, ਜੋ ਕਿ ਵਿਦੇਸ਼ ਜਾਣਾ ਚਾਹੁੰਦੀ ਸੀ। ਦੋਵਾਂ ‘ਚ ਸਮਝੌਤਾ ਹੋਇਆ ਕਿ ਹਰਪ੍ਰੀਤ ਪੈਸੇ ਲਗਾ ਕੇ ਲੜਕੀ ਨੂੰ ਵਿਦੇਸ਼ ਭੇਜੇਗਾ ਤੇ ਬਾਅਦ ‘ਚ ਲੜਕੀ ਹਰਪ੍ਰੀਤ ਨੂੰ ਕੈਨੇਡਾ ਬੁਲਾ ਲਵੇਗੀ। ਪੀੜਤ ਨੌਜਵਾਨ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ 10 ਲੱਖ ਰੁਪਏ ਖਰਚ ਕਰ ਕੇ ਲੜਕੀ ਨੂੰ ਵਿਦੇਸ਼ ਭੇਜਿਆ। ਇਸ ਤੋਂ ਬਾਅਦ ਕੈਨੇਡਾ ਜਾ ਕੇ ਪਹਿਲਾਂ ਤਾਂ ਲੜਕੀ ਟਾਲ-ਮਟੋਲ ਕਰਦੀ ਰਹੀ ਤੇ ਬਾਅਦ ‘ਚ ਵਿਆਹ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਇਸ ਮਾਮਲੇ ਬਾਰੇ ਹਰਪ੍ਰੀਤ ਨੇ ਪੁਲੀਸ ਨੂੰ ਵੀ ਜਾਣਕਾਰੀ ਦਿੱਤੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਨੌਜਵਾਨ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹਨ ਤੇ ਲੜਕੇ ਦੀ ਖੁਸ਼ੀ ਲਈ ਉਨ੍ਹਾਂ ਨੇ ਲੋਕਾਂ ਤੋਂ ਪੈਸੇ ਉਧਾਰ ਲੈ ਕੇ ਲੜਕੀ ਨੂੰ ਵਿਦੇਸ਼ ਭੇਜਿਆ ਸੀ। ਹਾਲਾਂਕਿ ਪੁਲੀਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇਗਾ।