ਆਏ ਦਿਨ ਕੈਨੇਡਾ ‘ਚ ਪੰਜਾਬੀ ਮੂਲ ਦੇ ਲੋਕਾਂ ਦੇ ਹੋ ਰਹੇ ਕਤਲਾਂ ਨੇ ਚਿੰਤਾ ਦੀ ਲਕੀਰ ਵਧਾ ਦਿੱਤੀ ਹੈ। ਵਿਦਿਆਰਥੀ ਵੀਜ਼ੇ ਅਤੇ ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ ਲੋਕਾਂ ਦੇ ਪਿੱਛੇ ਵੱਸਦੇ ਪਰਿਵਾਰਾਂ ‘ਚ ਸਹਿਮ ਦਾ ਮਾਹੌਲ ਹੈ। ਉਪਰੋਂ ਥਲੀਂ ਕਈ ਕਤਲਾਂ ਨੇ ਇਕ ਤਰ੍ਹਾਂ ਨਾਲ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੈਨੇਡਾ ‘ਚ ਸਿਰਫ 17 ਦਿਨਾਂ ‘ਚ ਵੱਖ-ਵੱਖ ਘਟਨਾਵਾਂ ‘ਚ 5 ਪੰਜਾਬੀਆਂ ਦਾ ਕਤਲ ਹੋਇਆ ਹੈ। 24 ਨਵੰਬਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ‘ਚ ਇਕ 18 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਮਹਿਕਪ੍ਰੀਤ ਸੇਠੀ ਹਾਈ ਸਕੂਲ ਦਾ ਪਾਰਕਿੰਗ ‘ਚ ਇਕ ਨੌਜਵਾਨ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਪਰਿਵਾਰ 8 ਸਾਲ ਪਹਿਲਾਂ ਡੁਬਈ ਤੋਂ ਕੈਨੇਡਾ ਆਇਆ ਸੀ ਅਤੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹੈ। ਮਹਿਕਪ੍ਰੀਤ ਦੇ ਪਿਤਾ ਹਰਸ਼ਪ੍ਰੀਤ ਨੇ ਕਿਹਾ, ‘ਮੈਂ ਇਸ ਉਮੀਦ ਨਾਲ ਕੈਨੇਡਾ ਆਇਆ ਸੀ ਕਿ ਮੇਰੇ ਬੱਚਿਆਂ ਦਾ ਭਵਿੱਖ ਬਿਹਤਰ ਹੋਵੇਗਾ, ਉਹ ਸੁਰੱਖਿਅਤ ਰਹਿਣਗੇ। ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ ਕਿ ਮੈਂ ਆਪਣੇ ਬੱਚਿਆਂ ਸਮੇਤ ਇਸ ਦੇਸ਼ ‘ਚ ਕਿਉਂ ਆਇਆ ਹਾਂ।’ ਇਸੇ ਤਰ੍ਹਾਂ 3 ਦਸੰਬਰ ਦੀ ਰਾਤ ਓਂਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ‘ਚ ਇਕ ਪੈਟਰੋ-ਕੈਨੇਡਾ ਗੈਸ ਸਟੇਸ਼ਨ ‘ਤੇ ਅਣਪਛਾਤੇ ਹਮਲਾਵਰ ਨੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਪਵਨਪ੍ਰੀਤ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ ਸਨ, ਜਿੱਥੇ ਉਹ ਰਾਤ ਭਰ ਕੰਮ ਕਰ ਰਹੀ ਸੀ। ਪਵਨਪ੍ਰੀਤ ਦੀ ਮਾਂ ਜਸਵੀਰ ਕੌਰ ਨੇ ਕਿਹਾ, ‘ਸਾਨੂੰ ਉਸ ਨੂੰ ਕੈਨੇਡਾ ਭੇਜਣ ਦਾ ਅਫ਼ਸੋਸ ਹੈ। ਸਾਨੂੰ ਉਸ ਨੂੰ ਇਥੇ ਆਪਣੇ ਕੋਲ ਰੱਖਣਾ ਚਾਹੀਦਾ ਸੀ। 3 ਦਸੰਬਰ ਨੂੰ ਇਕ ਹੋਰ ਘਟਨਾ ਸਾਹਮਣੇ ਆਈ ਸੀ ਜਿਸ ਵਿਚ ਐਡਮਿੰਟਨ ‘ਚ 24 ਸਾਲਾ ਨੌਜਵਾਨ ਸਨਰਾਜ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਾਤ ਕਰੀਬ 8.40 ਵਜੇ ਪੁਲੀਸ ਨੂੰ ਸਾਕਾਵ ਦੇ ਨੇੜੇ 51ਵੀਂ ਸਟਰੀਟ ਅਤੇ 13ਵੀਂ ਐਵੇਨਿਊ ਦੇ ਖੇਤਰ ‘ਚ ਬੁਲਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ। ਪੁਲੀਸ ਜਿਵੇਂ ਹੀ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਸਨਰਾਜ ਨੂੰ ਜ਼ਖ਼ਮੀ ਹਾਲਤ ‘ਚ ਦੇਖਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸੇ ਤਰ੍ਹਾਂ ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੂੰ 29 ਨਵੰਬਰ 2022 ਨੂੰ ਪੱਛਮੀ ਵੈਨਕੂਵਰ ‘ਚ ਇਕ ਕੁੜੀ ਦੀ ਮ੍ਰਿਤਕ ਦੇਹ ਮਿਲੀ ਸੀ, ਜਿਸ ਦੀ ਬਾਅਦ ਵਿਚ ਪਛਾਣ ਸਰੀ ਤੋਂ ਕਈ ਦਿਨਾਂ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਵਜੋਂ ਹੋਈ ਸੀ। ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਅਤੇ ਉਸ ਨੇ ਆਖਰੀ ਵਾਰ 22 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਫਿਰ 10 ਦਸੰਬਰ ਨੂੰ 40 ਸਾਲਾ ਹਰਪ੍ਰੀਤ ਕੌਰ ਦਾ ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਆਪਣੇ ਘਰ ‘ਚ ਕਈ ਵਾਰ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਦੀ ਸਰਬਜੀਤ ਕੌਰ ਦੀ ਵਿਨੀਪੈਗ ‘ਚ ਸੜਕ ਹਾਦਸੇ ‘ਚ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ ਘਟਨਾਵਾਂ ਤੋਂ ਫਿਕਰਮੰਦ ਮਾਪੇ ਕੈਨੇਡਾ ਗਏ ਆਪਣੇ ਬੱਚਿਆਂ ਨੂੰ ਲਗਾਤਾਰ ਸੁਚੇਤ ਕਰਦੇ ਹੋਏ ਨਸੀਹਤਾਂ ਦੇ ਰਹੇ ਹਨ।