ਸ਼ਹਿਣਾ ਦੇ ਪੱਤੀ ਤੂਤੜਾ ‘ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਲੁਟੇਰਿਆਂ ਨੇ ਇਕ ਘਰ ‘ਚ ਦਾਖ਼ਲ ਹੋ ਕੇ ਤੜਕੇ ਵੇਲੇ ਇਕ ਔਰਤ ਦੀ ਹੱਤਿਆ ਕਰ ਦਿੱਤੀ। ਇਹ ਔਰਤ ਕੈਨੇਡਾ ਤੋਂ ਆਈ ਸੀ ਅਤੇ ਇਸ ਦੀ ਪਛਾਣ 80 ਸਾਲਾ ਅਮਰਜੀਤ ਕੌਰ ਪਤਨੀ ਲਛਮਣ ਸਿੰਘ ਝੱਮਟ ਵਜੋਂ ਹੋਈ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ 22 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਇਹ ਮਕਾਨ ਮਾਸਟਰ ਲਛਮਣ ਸਿੰਘ ਝੱਮਟ ਦਾ ਹੈ ਅਤੇ ਉਹ 23 ਸਾਲਾਂ ਤੋਂ ਕੈਨੇਡਾ ‘ਚ ਰਹਿ ਰਹੇ ਹਨ ਅਤੇ ਹਰ ਸਾਲ ਸ਼ਹਿਣਾ ਆਉਂਦੇ ਹਨ। ਉਹ ਹਾਲੇ ਇਕ ਮਹੀਨਾ ਪਹਿਲਾਂ ਹੀ ਇਥੇ ਆਏ ਸਨ। ਲੁਟੇਰਿਆਂ ਨੇ ਲਛਮਣ ਸਿੰਘ ਨੂੰ ਜ਼ਖ਼ਮੀ ਕਰ ਕੇ ਗੁਸਲਖਾਨੇ ‘ਚ ਬੰਦ ਕਰ ਦਿੱਤਾ ਗਿਆ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਐੱਸ.ਪੀ. (ਐੱਚ) ਜਸਦੇਵ ਸਿੰਘ, ਡੀ.ਐੱਸ.ਪੀ. ਰਾਵਿੰਦਰ ਸਿੰਘ ਰੰਧਾਵਾ, ਥਾਣਾ ਸ਼ਹਿਣਾ ਦੇ ਮੁਖੀ ਜਗਦੇਵ ਸਿੰਘ ਵੱਡੀ ਪੁਲੀਸ ਫੋਰਸ ਸਮੇਤ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਮਾਹਿਰ ਵੀ ਬੁਲਾਏ ਹਨ, ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਦੇ ਮਾਲਕ ਲਛਮਣ ਸਿੰਘ ਝੱਮਟ ਨੇ ਦੱਸਿਆ ਕਿ ਲੁਟੇਰੇ ਘਰ ਦੇ ਪਿਛਲੇ ਪਾਸੇ ਤੋਂ ਘਰ ‘ਚ ਦਾਖਲ ਹੋਏ ਸਨ। ਲੁਟੇਰਿਆਂ ਦੀ ਗਿਣਤੀ ਛੇ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਘਰ ‘ਚ ਸਿਰਫ ਪਤੀ-ਪਤਨੀ ਹੀ ਰਹਿ ਰਹੇ ਸਨ ਅਤੇ ਬਾਕੀ ਪਰਿਵਾਰ ਕੈਨੇਡਾ ‘ਚ ਹੈ।