ਸ੍ਰੀ ਆਨੰਦਪੁਰ ਸਾਹਿਬ ‘ਚ ਹੋਲੇ ਮਹੱਲੇ ਦੌਰਾਨ ਕੁਝ ਸਿਰਫਿਰੇ ਨੌਜਵਾਨਾਂ ਵੱਲੋਂ ਪਿੰਡ ਗਾਜੀਕੋਟ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਅਤੇ ਕੈਨੇਡਾ ਵਾਸੀ 24 ਸਾਲਾ ਨੌਜਵਾਨ ਨਿਹੰਗ ਪ੍ਰਦੀਪ ਸਿੰਘ ਪ੍ਰਿੰਸ ਦਾ ਕਤਲ ਕੀਤਾ ਗਿਆ ਸੀ। ਪ੍ਰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਸਸਕਾਰ ਕੀਤਾ। ਇਸ ਦੌਰਾਨ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਪਿੰਡ ‘ਚ ਵੀ ਸੋਗ ਦੀ ਲਹਿਰ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਸਣੇ ਕਈ ਹੋਰ ਆਗੂ ਵੀ ਪ੍ਰਦੀਪ ਸਿੰਘ ਦੇ ਪਰਿਵਾਰ ਦਾ ਦੁੱਖ ਵੰਡਾਉਣ ਉਨ੍ਹਾਂ ਘਰ ਪਹੁੰਚੇ ਹੋਏ ਸਨ। ਅੱਜ ਨਿਹੰਗ ਸਿੰਘ ਪ੍ਰਦੀਪ ਸਿੰਘ ਦੇ ਜੱਦੀ ਪਿੰਡ ਗਾਜੀਕੋਟ ਵਿਖੇ ਉਸ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਤਾਂ ਸਿਆਸੀ ਅਤੇ ਨਿਹੰਗ ਜਥੇਬੰਦੀਆਂ ਦੇ ਆਗੂ ਪਹੁੰਚੇ ਜਿੱਥੇ ਉਸ ਦੇ ਪਿਤਾ ਸੂਬੇਦਾਰ ਮੇਜਰ ਗੁਰਬਖਸ਼ ਸਿੰਘ ਨੇ ਮ੍ਰਿਤਕ ਦੀ ਦੇਹ ਨੂੰ ਮੁੱਖ ਅਗਨੀ ਦੇ ਕੇ ਅਤਿੰਮ ਸੰਸਕਾਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪ੍ਰਸ਼ਾਸ਼ਨ ਆਪਣਾ ਕੰਮ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਪ੍ਰਦੀਪ ਸਿੰਘ ਨੇ ਗੁਰੂ ਧਾਮਾਂ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਆਪਣੀ ਸ਼ਹਾਦਤ ਦਿੱਤੀ ਹੈ। ਮ੍ਰਿਤਕ ਪ੍ਰਦੀਪ ਸਿੰਘ ਦੇ ਪਿਤਾ ਸੂਬੇਦਾਰ ਮੇਜਰ ਗੁਰਬਖਸ਼ ਸਿੰਘ ਆਪਣੇ ਪੁੱਤਰ ਦਾ ਅਤਿੰਮ ਸੰਸਕਾਰ ਕਰਨ ਤੋਂ ਬਾਅਦ ਕਿਹਾ ਕਿ ਉਸ ਦੇ ਪੁੱਤਰ ਨੇ ਗੁਰੂਧਾਮ ਦੀ ਮਰਿਆਦਾ ਨੂੰ ਬਹਾਲ ਰੱਖਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਹੁੱਲੜਬਾਜਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪਿਤਾ ਨੇ ਕਿਹਾ ਕਿ ਪੁੱਤ ਨੂੰ ਇਥੋਂ ਪੰਜਾਬ ਦੇ ਮਾਹੌਲ ਨੂੰ ਦੇਖਦੇ ਵਿਦੇਸ਼ ਭੇਜਿਆ ਸੀ ਲੇਕਿਨ ਕਿ ਪਤਾ ਸੀ ਪੱਕਾ ਹੋਣ ਤੋਂ ਬਾਅਦ ਧਾਰਮਿਕ ਯਾਤਰਾ ‘ਚ ਹੀ ਪੁੱਤ ਗਵਾ ਲਿਆ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਫੇਲ੍ਹ ਹੋ ਚੁੱਕੀ ਹੈ ਜੋ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਸਮਾਜਿਕ ਤੌਰ ‘ਤੇ ਸਾਨੂੰ ਸਭ ਨੂੰ ਸਮਝਣਾ ਹੋਵੇਗਾ ਕਿ ਇਸ ਘਟਨਾ ਪਿੱਛੇ ਜੋ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਹਨ ਉਹ ਰਵਾਇਤ ਹਰ ਘਰ ਹਰ ਪਿੰਡ ਤੋਂ ਖੁਦ ਨੂੰ ਬਦਲਣੀ ਹੋਵੇਗੀ। ਬੁੱਢਾ ਦਲ ਦੇ ਜਥੇਦਾਰ ਬਾਬਾ ਮਾਨ ਸਿੰਘ ਨੇ ਦੱਸਿਆ ਕਿ ਪ੍ਰਦੀਪ ਸਿੰਘ ਉਨ੍ਹਾਂ ਦੇ ਦਲ ਦਾ ਸਿੰਘ ਸੀ ਅਤੇ ਪਿਛਲੇ ਸਾਲ ਕੈਨੇਡਾ ਦੀ ਧਰਤੀ ‘ਤੇ ਸਰੀ ‘ਚ ਹੋਲਾ ਮੁਹੱਲਾ ਮਨਾਇਆ ਸੀ, ਉਹ ਵੀ ਉਥੇ ਸਨ ਅਤੇ ਇਹ ਅਰਦਾਸ ਕੀਤੀ ਸੀ ਕਿ ਅਗਲੇ ਸਾਲ ਉਹ ਸ੍ਰੀ ਆਨੰਦਪੁਰ ਸਾਹਿਬ ਇਹ ਦਿਹਾੜਾ ਮਨਾਏ ਲੇਕਿਨ ਕਿ ਪਤਾ ਸੀ ਇਥੇ ਆਉਣਾ ਸੀ ਅਤੇ ਇਹ ਘਟਨਾ ਹੋਣੀ ਸੀ। ਬਾਬਾ ਮਾਨ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਨਿਹੰਗ ਸਿੰਘਾਂ ਨੂੰ ਅਜਿਹੇ ਹੁੱਲੜਬਾਜ਼ਾਂ ਖ਼ਿਲਾਫ਼ ਆਪ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਹੁਣ ਵਿਸਾਖੀ ਦਾ ਸਮਾਗਮ ਹੋਣਾ ਹੈ ਉਸ ‘ਚ ਨਿਹੰਗ ਜਥੇਬੰਦੀਆਂ ਅਜਿਹੇ ਹੁੱਲੜਬਾਜ਼ਾਂ ਨੂੰ ਰੋਕਣ ਲਈ ਆਪ ਮੋਰਚਾ ਲਾਉਣਗੀਆਂ। ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ‘ਚ ਮ੍ਰਿਤਕ ਨੌਜਵਾਨ ਪ੍ਰਦੀਪ ਸਿੰਘ ਦੇ ਰਿਸ਼ਤੇਦਾਰ ਅਤੇ ਇਲਾਕੇ ਦੇ ਲੋਕ ਸ਼ਾਮਲ ਸਨ ਅਤੇ ਕਈ ਅਜਿਹੇ ਵੀ ਲੋਕ ਸ਼ਾਮਲ ਸਨ ਜੋ ਪ੍ਰਦੀਪ ਨੂੰ ਜਾਣਦੇ ਨਹੀਂ ਸਨ ਪਰ ਸਸਕਾਰ ਮੌਕੇ ਪੁੱਜੇ। ਇਸ ਤੋਂ ਪਹਿਲਾਂ ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਪੁਲੀਸ ਪ੍ਰਸ਼ਾਸਨ ਨੂੰ ਮਿਲ ਕੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕੀਤੀ, ਉਥੇ ਹੀ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਮਿਲ ਕੇ ਆਪਣੇ ਪੁੱਤਰ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ।