ਕੈਨੇਡਾ ਦੇ ਪੀ.ਆਰ. ਅਤੇ ਮੂਲ ਰੂਪ ‘ਚ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਪ੍ਰਦੀਪ ਸਿੰਘ, ਜਿਸ ਦਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਕਤਲ ਕਰ ਦਿੱਤਾ ਗਿਆ ਸੀ, ਮਾਮਲੇ ‘ਚ ਪੁਲੀਸ ਨੇ ਜਾਂਚ ਲਈ ਤਿੰਨ ਟੀਮਾਂ ਬਣਾਈਆਂ ਹਨ। ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਤਾਂ ਨਿਹੰਗਾਂ ਵਾਲੇ ਬਾਣੇ ‘ਚ ਪ੍ਰਦੀਪ ਸਿੰਘ ‘ਤੇ ਹੁੱਲੜਬਾਜ਼ਾਂ ਨੇ ਤਕਰਾਰ ਮਗਰੋਂ ਹਮਲਾ ਕੀਤਾ ਸੀ ਅਤੇ ਬਾਅਦ ‘ਚ ਪ੍ਰਦੀਪ ਸਿੰਘ ਮ੍ਰਿਤਕ ਮਿਲਿਆ ਸੀ। ਦੂਜੇ ਪਾਸੇ ਇਸ ਮਾਮਲੇ ‘ਚ ਇਕ ਨਵਾਂ ਮੋੜ ਵੀ ਆਇਆ ਹੈ। ਇਸ ਝੜਪ ‘ਚ ਜ਼ਖ਼ਮੀ ਹੋਏ ਸਤਬੀਰ ਸਿੰਘ, ਜੋ ਪੀ.ਜੀ.ਆਈ. ‘ਚ ਜ਼ੇਰੇ ਇਲਾਜ ਹੈ, ਦੀ ਪਤਨੀ ਗੁਰਵਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਪ੍ਰਦੀਪ ਸਿੰਘ ਦੀ ਮੌਤ ਦਾ ਅਫ਼ਸੋਸ ਹੈ, ਪਰ ਪ੍ਰਦੀਪ ਨੇ ਹੀ ਪਹਿਲਾਂ ਉਸ ਦੇ ਪਤੀ ‘ਤੇ ਕਿਰਪਾਨਾਂ ਨਾਲ ਹਮਲਾ ਕੀਤਾ ਸੀ। ਉਸ ਨੇ ਦੱਸਿਆ ਕਿ ਪ੍ਰਦੀਪ ਨੇ ਸਤਬੀਰ ਦੇ ਦੋਵੇਂ ਹੱਥ ਵੱਢੇ, ਬਾਂਹ ਨੂੰ ਨੁਕਸਾਨ ਪਹੁੰਚਾਇਆ ਅਤੇ ਲੱਤਾਂ ‘ਤੇ ਡੰਡੇ ਮਾਰੇ ਸਨ। ਗੁਰਵਿੰਦਰ ਅਨੁਸਾਰ ਪ੍ਰਦੀਪ ਨੇ ਆਪਣੇ ਕੀਤੇ ਲਈ ਸਤਬੀਰ ਤੋਂ ਮੁਆਫ਼ੀ ਵੀ ਮੰਗੀ ਸੀ। ਉਸ ਨੇ ਕਿਹਾ ਕਿ ਪ੍ਰਦੀਪ ‘ਤੇ ਹਮਲਾ ਉਥੇ ਮੌਜੂਦ ਭੀੜ ਵੱਲੋਂ ਕੀਤਾ ਗਿਆ ਹੈ ਜਦਕਿ ਉਸ ਦਾ ਪਤੀ ਉਸ ਵੇਲੇ ਜ਼ਖ਼ਮੀ ਸੀ। ਗੁਰਵਿੰਦਰ ਨੇ ਮੀਡੀਆ ‘ਤੇ ਵੀ ਇਕਪਾਸੜ ਖ਼ਬਰਾਂ ਦੇ ਦੋਸ਼ ਲਗਾਏ। ਉਸ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਕੇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਨੂਰਪੁਰ ਬੇਦੀ ਨੇੜਲੇ ਪਿੰਡ ਉਪਰਲੀ ਨਲਹੋਟੀ ਵਾਸੀਆਂ ਨੇ ਕਿਹਾ ਕਿ ਸਤਬੀਰ ਦਾ ਪਿਤਾ ਨਿਰੰਜਨ ਸਿੰਘ ਘਟਨਾ ਵੇਲੇ ਪਿੰਡ ਸੀ, ਪਰ ਪੁਲੀਸ ਨੇ ਉਸ ‘ਤੇ ਵੀ ਪਰਚਾ ਦਰਜ ਕਰ ਦਿੱਤਾ ਹੈ। ਪਰਦੀਪ ਸਿੰਘ ਦੇ ਕਾਤਲਾਂ ਨੂੰ ਫੜਨ ਲਈ ਪੁਲੀਸ ਵੱਲੋਂ ਤਿੰਨ ਟੀਮਾਂ ਬਣਾਈਆਂ ਗਈਆਂ ਹਨ। ਇਸ ਸਬੰਧੀ ਰੂਪਨਗਰ ਦੇ ਐੱਸ.ਪੀ. (ਡੀ) ਮਨਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਅਗਵਾਈ ਡੀ.ਐੱਸ.ਪੀ. ਰੂਪਨਗਰ ਤਲਵਿੰਦਰ ਸਿੰਘ ਗਿੱਲ, ਡੀ.ਐੱਸ.ਪੀ. ਸ੍ਰੀ ਆਨੰਦਪੁਰ ਸਾਹਿਬ ਅਜੈ ਸਿੰਘ, ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਸਣੇ ਹੋਰ ਅਧਿਕਾਰੀ ਕਰ ਰਹੇ ਹਨ। ਡੀ.ਐੱਸ.ਪੀ. ਅਜੈ ਸਿੰਘ ਨੇ ਦੱਸਿਆ ਕਿ ਪੀ.ਜੀ.ਆਈ. ‘ਚ ਜ਼ੇਰੇ ਇਲਾਜ ਸਤਬੀਰ ਸਿੰਘ ਦੇ ਬਿਆਨ ਦਰਜ ਕਰਨ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।