ਇਨਸਾਨ ਕਿਸੇ ਨੂੰ ਪਿਆਰ ਕਰਨ ਤੋਂ ਬਾਅਦ ਉਸਨੂੰ ਬੇਰਹਿਮੀ ਨਾਲ ਕਿਵੇਂ ਕਤਲ ਕਰ ਸਕਦਾ ਹੈ ਇਹ ਸਵਾਲ ਜ਼ਿਹਨ ‘ਚ ਆਉਣਾ ਕੁਦਰਤੀ ਹੈ ਪਰ ਅਜਿਹਾ ਵਰਤਾਰਾ ਸਮਾਜ ‘ਚ ਜਾਰੀ ਹੈ ਕਿ ਜਿਸ ਨੂੰ ਜਾਨੋਂ ਵੱਧ ਪਿਆਰ ਕੀਤਾ ਹੋਵੇ ਉਸ ਨੂੰ ਨਫ਼ਰਤ ਵੀ ਉਸੇ ਹੱਦ ਤੱਕ ਹੋ ਜਾਵੇ। ਤਾਜ਼ਾ ਮਾਮਲਾ ਹਰਿਆਣਾ ਦਾ ਹੈ ਜਿੱਥੇ ਕੈਨੇਡਾ ਤੋਂ ਸੱਦੀ ਪ੍ਰੇਮਿਕਾ ਨੂੰ ਉਸ ਦੇ ਸ਼ਾਦੀਸ਼ੁਦਾ ਅਤੇ ਦੋ ਬੱਚਿਆਂ ਦੇ ਪਿਤਾ ਪ੍ਰੇਮੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪ੍ਰੇਮ ਸਬੰਧਾਂ ਦੇ ਖ਼ੌਫ਼ਨਾਕ ਅੰਤ ਦਾ ਖ਼ੁਲਾਸਾ ਹੋਇਆ ਹੈ ਜਿਸ ‘ਚ ਇਕ ਆਸ਼ਿਕ ਨੇ ਕੈਨੇਡਾ ਰਹਿੰਦੀ ਪ੍ਰੇਮਿਕਾ ਨੂੰ ਇੰਡੀਆ ਬੁਲਾਇਆ ਅਤੇ ਗੋਲੀਆਂ ਨਾਲ ਭੁੰਨ ਦਿੱਤਾ। ਇਥੇ ਹੀ ਬੱਸ ਨਹੀਂ ਕੀਤੀ ਸਗੋਂ ਬਾਅਦ ‘ਚ ਮਾਮਲੇ ਨੂੰ ਲੁਕਾਉਣ ਲਈ ਮੋਨਿਕਾ ਨਾਂ ਦੀ 25 ਸਾਲਾ ਕੈਨੇਡੀਅਨ ਲੜਕੀ ਦੀ ਲਾਸ਼ ਨੂੰ ਫਾਰ ਹਾਊਸ ‘ਚ ਦਫ਼ਨਾ ਦਿੱਤਾ। ਵਾਰਦਾਤ ਦਾ ਖੁਲਾਸਾ ਘਟਨਾ ਤੋਂ ਕਰੀਬ ਇਕ ਸਾਲ ਬਾਅਦ ਹੋਇਆ ਤੇ ਕੁੜੀ ਦੇ ਕੰਕਾਲ ਨੂੰ ਬਰਾਮਦ ਕਰ ਲਿਆ ਗਿਆ ਹੈ। ਰੋਹਤਕ ਦੇ ਪਿੰਡ ਬਾਲੰਦ ਦੀ ਰਹਿਣ ਵਾਲੀ ਮੋਨਿਕਾ ਨੂੰ ਉਸ ਦੇ ਸੋਨੀਪਤ ਦੇ ਗੁੰਮੜ ਪਿੰਡ ਦੇ ਰਹਿਣ ਵਾਲੇ ਆਸ਼ਿਕ ਸੁਨੀਲ ਨੇ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ‘ਚ ਉਸ ਦੀ ਲਾਸ਼ ਨੂੰ ਆਪਣੇ ਫਾਰਮ ਹਾਊਸ ‘ਚ ਦਫ਼ਨਾ ਦਿੱਤਾ ਸੀ। ਇਕ ਸਾਲ ਬਾਅਦ ਕੁੜੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 25 ਸਾਲਾ ਮੋਨਿਕਾ ਆਪਣੀ ਮਾਸੀ ਦੇ ਘਰ ਸੋਨੀਪਤ ਦੇ ਪਿੰਡ ਗੁੰਮੜ ‘ਚ ਪੜ੍ਹਾਈ ਕਰਨ ਆਈ ਸੀ। ਇਸ ਦੌਰਾਨ ਉਸੇ ਪਿੰਡ ਦੇ ਹੀ ਸੁਨੀਲ ਉਰਫ਼ ਸ਼ੀਲਾ ਨਾਲ ਉਸ ਦਾ ਪਿਆਰ ਹੋ ਗਿਆ। ਬਾਅਦ ‘ਚ ਮੋਨਿਕਾ ਕੈਨੇਡਾ ਚਲੀ ਗਈ। ਇਸ ਵਿਚਾਲੇ ਸੁਨੀਲ ਨੇ ਉਸ ਨੂੰ ਸੋਨੀਪਤ ਬੁਲਾਇਆ। ਜਨਵਰੀ 2022 ‘ਚ ਮੋਨਿਕਾ ਦੀ ਮਾਸੀ ਦੀ ਸ਼ਿਕਾਇਤ ‘ਤੇ ਥਾਣਾ ਪੁਲੀਸ ‘ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਜਦੋਂ ਜਾਂਚ ‘ਚ ਮੋਨਿਕਾ ਦਾ ਕੁਝ ਪਤਾ ਨਹੀਂ ਲੱਗ ਸਕਿਆ ਤਾਂ ਪਰਿਵਾਰ ਨੇ ਨਵੰਬਰ 2022 ‘ਚ ਇਕ ਵਾਰ ਫਿਰ ਮਾਮਲੇ ਦੀ ਸ਼ਿਕਾਇਤ ਥਾਣੇ ‘ਚ ਕੀਤੀ। ਗ੍ਰਹਿ ਮੰਤਰੀ ਅਨਿਲ ਵਿੱਜ ਦਾ ਦਰਵਾਜ਼ਾ ਵੀ ਖੜਕਾਇਆ ਗਿਆ। ਜਾਂਚ ਦੌਰਾਨ ਸ਼ੱਕ ਦੀ ਸੂਈ ਸੁਨੀਲ ‘ਤੇ ਟਿਕੀ ਸੀ। ਉਸ ਨੇ ਰਾਊਂਡਅਪ ਕੀਤੇ ਜਾਣ ਤੋਂ ਬਾਅਦ ਪਹਿਲਾਂ ਤਾਂ ਪੁਲੀਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ‘ਚ ਉਸ ਨੇ ਕਤਲ ਦੀ ਗੱਲ ਕਬੂਲ ਲਈ। ਭਿਵਾਨੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੋਨੀਪਤ ਪੁਲੀਸ ਦੀ ਮਦਦ ਨਾਲ ਮੋਨਿਕਾ ਦੀ ਲਾਸ਼ ਨੂੰ ਸੁਨੀਲ ਦੇ ਫਾਰਮ ਹਾਊਸ ਤੋਂ ਬਰਾਮਦ ਕਰ ਲਿਆ। ਪੁਲੀਸ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਪਹਿਲਾਂ ਤੋਂ ਹੀ ਵਿਆਇਆ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਹਨ। ਸੁਨੀਲ ਤੇ ਮੋਨਿਕਾ ਨੇ ਪਿਛਲੇ ਸਾਲ ਮਈ ‘ਚ ਕੈਨੇਡਾ ਤੋਂ ਪਰਤਣ ਤੋਂ ਬਾਅਦ ਗਾਜ਼ੀਆਬਾਦ ਦੇ ਮੰਦਰ ‘ਚ ਵਿਆਹ ਕੀਤਾ ਸੀ। ਜਦੋਂ ਉਸ ਨੇ ਕਤਲ ਕੀਤਾ ਤਾਂ ਉਹ ਸ਼ਰਾਬ ਦੇ ਨਸ਼ੇ ‘ਚ ਟੱਲੀ ਸੀ। ਉਸ ‘ਤੇ ਨਾਜਾਇਜ਼ ਹਥਿਆਰ ਰੱਖਣ ਦੇ ਨਾਲ-ਨਾਲ ਲੜਾਈ ਝਗੜੇ ਦੇ ਤਕਰੀਬਨ ਅੱਧਾ ਦਰਜਨ ਮੁਕੱਦਮੇ ਦਰਜ ਹਨ। ਪੁਲੀਸ ਨੇ ਹੁਣ ਉਸ ਨੂੰ ਕਤਲ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਹੈ।