ਰੂਸ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਲਈ ਉਸ ਨੇ ਰੂਸੀਆਂ ਵਿਰੁੱਧ ਸਰੀਰਕ ਹਿੰਸਾ ਸਮੇਤ ਵਿਤਕਰੇ ਦੇ ਕਈ ਮਾਮਲਿਆਂ ਦਾ ਹਵਾਲਾ ਦਿੱਤਾ ਹੈ। ਗੌਰਤਲਬ ਹੈ ਕਿ ਕੈਨੇਡਾ ਮਾਸਕੋ ਦੀਆਂ ਫੌਜਾਂ ਖ਼ਿਲਾਫ਼ ਜੰਗ ‘ਚ ਯੂਕਰੇਨ ਦਾ ਸਭ ਤੋਂ ਵੱਧ ਸਮਰਥਕ ਹੈ ਅਤੇ ਉਸਨੇ ਸੈਂਕੜੇ ਰੂਸੀ ਅਧਿਕਾਰੀਆਂ ਅਤੇ ਕੰਪਨੀਆਂ ‘ਤੇ ਪਾਬੰਦੀਆਂ ਦੇ ਨਾਲ-ਨਾਲ ਵਿਆਪਕ ਪੱਧਰ ‘ਤੇ ਵਪਾਰਕ ਪਾਬੰਦੀਆਂ ਲਗਾਈਆਂ ਹਨ। ਵਿਦੇਸ਼ ਮੰਤਰਾਲੇ ਨੇ ਇਕ ਐਡਵਾਇਜ਼ਰੀ ‘ਚ ਕਿਹਾ ਕਿ ‘ਜੇ ਤੁਸੀਂ ਪਹਿਲਾਂ ਹੀ ਕੈਨੇਡਾ ‘ਚ ਹੋ ਤਾਂ ਅਸੀਂ ਤੁਹਾਨੂੰ ਖਾਸ ਤੌਰ ‘ਤੇ ਜਨਤਕ ਥਾਵਾਂ ‘ਤੇ ਚੌਕਸ ਰਹਿਣ ਦੀ ਅਪੀਲ ਕਰਦੇ ਹਾਂ।’ ਐਡਵਾਇਜ਼ਰੀ ਮੰਤਰਾਲੇ ਦੇ ਮੁੱਖ ਟੈਲੀਗ੍ਰਾਮ ਚੈਨਲ ‘ਤੇ ਪੋਸਟ ਕੀਤੀ ਗਈ। ਕੈਨੇਡੀਅਨ ਵਿਦੇਸ਼ ਮੰਤਰਾਲਾ ਟਿੱਪਣੀ ਲਈ ਤੁਰੰਤ ਉਪਲਬਧ ਨਹੀਂ ਸੀ। ਪਿਛਲੇ ਸਾਲ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਕੈਨੇਡਾ ਨੇ ਨਾਗਰਿਕਾਂ ਨੂੰ ਰੂਸ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਸੀ। ਰੂਸ ਨੇ ਪਿਛਲੇ ਹਫਤੇ 333 ਕੈਨੇਡੀਅਨ ਅਧਿਕਾਰੀਆਂ ਅਤੇ ਪ੍ਰਮੁੱਖ ਓਲੰਪੀਅਨਾਂ ਸਮੇਤ ਜਨਤਕ ਸ਼ਖਸੀਅਤਾਂ ‘ਤੇ ਪਾਬੰਦੀਆਂ ਲਗਾਈਆਂ ਸਨ ਜਿਸ ‘ਚ ਇਹ ਕਿਹਾ ਗਿਆ ਸੀ ਕਿ ਇਹ ਮਾਸਕੋ ‘ਤੇ ਕੈਨੇਡੀਅਨ ਪਾਬੰਦੀਆਂ ਅਤੇ ਯੂਕਰੇਨ ਲਈ ਸਮਰਥਨ ਦਾ ਜਵਾਬ ਸੀ।