ਕਰੀਬ 36 ਸਾਲਾਂ ‘ਚ ਪਹਿਲੀ ਵਾਰ ਫੀਫਾ ਵਰਲਡ ਕੱਪ ‘ਚ ਖੇਡ ਰਹੀ ਕੈਨੇਡਾ ਦੀ ਫੁਟਬਾਲ ਟੀਮ ਹਾਰਨ ਤੋਂ ਬਾਹਰ ਹੋ ਗਈ ਹੈ। ਕੈਨੇਡਾ ਇਸ ਤੋਂ ਪਹਿਲਾਂ 1986 ‘ਚ ਵਰਲਡ ਕੱਪ ‘ਚ ਪਹੁੰਚਿਆ ਸੀ ਅਤੇ ਗਰੁੱਪ ਪੜਾਅ ‘ਚ ਵੀ ਬਾਹਰ ਹੋ ਗਿਆ ਸੀ। ਵਰਲਡ ਕੱਪ 2022 ‘ਚੋਂ ਬਾਹਰ ਹੋਣ ਵਾਲੀ ਇਹ ਦੂਜੀ ਟੀਮ ਹੈ ਪਹਿਲੀ ਟੀਮ ਮੇਜ਼ਬਾਨ ਕਤਰ ਦੀ ਸੀ। ਕ੍ਰੋਏਸ਼ੀਆ ਨੇ ਕੈਨੇਡਾ ਨੂੰ 4-1 ਨਾਲ ਹਰਾ ਕੇ ਜ਼ੋਰਦਾਰ ਵਾਪਸੀ ਕੀਤੀ ਜਿਸ ‘ਚ ਆਂਦਰੇਜ ਕ੍ਰੈਮਾਰਿਚ ਨੇ ਦੋ ਗੋਲ ਕੀਤੇ। ਅਲਫੋਂਸੋ ਡੇਵਿਸ ਨੇ ਦੂਜੇ ਮਿੰਟ ‘ਚ ਕੈਨੇਡਾ ਲਈ ਵਰਲਡ ਕੱਪ ਦਾ ਪਹਿਲਾ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ, ਪਰ ਮੋਰਾਕੋ ਨਾਲ ਆਪਣੇ ਪਹਿਲੇ ਮੈਚ ‘ਚ ਗੋਲ ਰਹਿਤ ਡਰਾਅ ਖੇਡਣ ਵਾਲੀ ਕ੍ਰੋਏਸ਼ੀਆ ਨੇ ਵਾਪਸੀ ਕਰਦਿਆਂ ਚਾਰ ਗੋਲ ਕੀਤੇ। ਕ੍ਰੈਮਾਰਿਚ (36ਵੇਂ ਅਤੇ 70ਵੇਂ ਮਿੰਟ) ਤੋਂ ਇਲਾਵਾ, ਮਾਰਕੋ ਲਿਵਾਜਾ (44ਵੇਂ ਮਿੰਟ) ਅਤੇ ਲੋਵਰੋ ਮਾਇਰ (90+4ਵੇਂ ਮਿੰਟ) ਨੇ ਵੀ ਖਲੀਫਾ ਇੰਟਰਨੈਸ਼ਨਲ ਸਟੇਡੀਅਮ ‘ਚ ਰੂਸ ‘ਚ 2018 ਵਰਲਡ ਕੱਪ ਦੀ ਉਪ ਜੇਤੂ ਕ੍ਰੋਏਸ਼ੀਆ ਲਈ ਗੋਲ ਕੀਤੇ। ਕਪਤਾਨ ਲੂਕਾ ਮੋਡ੍ਰਿਕ (37 ਸਾਲ) ਟੂਰਨਾਮੈਂਟ ਦੇ ਆਪਣੇ ਪਹਿਲੇ ਗੋਲ ਦੀ ਭਾਲ ‘ਚ ਸੀ ਪਰ ਸਫਲਤਾ ਨਹੀਂ ਮਿਲ ਸਕੀ। ਇਹ ਉਸ ਦਾ ਆਖਰੀ ਵਰਲਡ ਕੱਪ ਹੋ ਸਕਦਾ ਹੈ। ਗਰੁੱਪ ਐੱਫ ‘ਚ ਕ੍ਰੋਏਸ਼ੀਆ ਅਤੇ ਮੋਰਾਕੋ ਦੇ ਚਾਰ-ਚਾਰ ਅੰਕ ਹਨ। ਬੈਲਜੀਅਮ ਦੇ ਤਿੰਨ ਅੰਕ ਹਨ ਅਤੇ ਉਸ ਕੋਲ ਅਗਲੇ ਦੌਰ ਲਈ ਕੁਆਲੀਫਾਈ ਕਰਨ ਦਾ ਅਜੇ ਵੀ ਮੌਕਾ ਹੈ। ਕੈਨੇਡਾ ਨੂੰ ਪਹਿਲੇ ਦੋ ਮੈਚਾਂ ਤੋਂ ਕੋਈ ਅੰਕ ਨਹੀਂ ਮਿਲੇ ਅਤੇ ਵੀਰਵਾਰ ਨੂੰ ਮੋਰਾਕੋ ਵਿਰੁੱਧ ਜਿੱਤ ਉਸ ਨੂੰ ਅਗਲੇ ਦੌਰ ‘ਚ ਨਹੀਂ ਪਹੁੰਚਾ ਸਕੇਗੀ। ਕ੍ਰੋਏਸ਼ੀਆ ਦਾ ਸਾਹਮਣਾ ਬੈਲਜੀਅਮ ਨਾਲ ਹੋਵੇਗਾ।