ਇੰਡੀਆ ਦੇ ਗ੍ਰਹਿ ਮੰਤਰਾਲੇ ਵੱਲੋਂ ਹਾਲ ਹੀ ‘ਚ ਅੱਤਵਾਦੀ ਐਲਾਨੇ ਕੈਨੇਡਾ ਰਹਿੰਦੇ ਗੈਂਗਸਟਰ ਅਰਸ਼ ਡਾਲਾ ਦੇ ਨਾਂ ‘ਤੇ ਜਗਰਾਉਂ ਦੇ ਇਕ ਵਪਾਰੀ ਤੋਂ ਫਿਰੌਤੀ ਲੈਣ ਆਏ ਦੋ ਨੌਜਵਾਨਾਂ ਦੀ ਇਥੇ ਪੁਲੀਸ ਨਾਲ ਮੁੱਠਭੇੜ ਹੋ ਗਈ। ਪੁਲੀਸ ਵੱਲੋਂ ਕੀਤੀ ਗੋਲੀਬਾਰੀ ‘ਚ ਮੋਟਰ ਸਾਈਕਲ ‘ਤੇ ਸਵਾਰ ਇਕ ਮੁਲਜ਼ਮ ਦੀ ਲੱਤ ‘ਚ ਗੋਲੀ ਵੱਜੀ ਹੈ ਜਦਕਿ ਦੂਜਾ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ। ਇਥੋਂ ਦੇ ਨਹਿਰੂ ਮਾਰਕੀਟ ‘ਚ ਥੋਕ ਦੇ ਕਰਿਆਨਾ ਵਪਾਰੀ ਭਰਾਵਾਂ ਤੋਂ ਫੋਨ ‘ਤੇ ਅਰਸ਼ ਡਾਲਾ ਦੇ ਨਾਂ ‘ਤੇ 30 ਲੱਖ ਦੀ ਫਿਰੌਤੀ ਮੰਗੀ ਗਈ ਸੀ। ਕਈ ਵਾਰ ਫੋਨ ਆਉਣ ‘ਤੇ ਅਖੀਰ ਡੇਢ ਲੱਖ ਰੁਪਏ ਦੇਣ ਦੀ ਗੱਲ ਤੈਅ ਹੋਈ। ਦੋਵੇਂ ਵਪਾਰੀ ਭਰਾਵਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ। ਫਿਰੌਤੀ ਦੀ ਰਕਮ ਦੇਣ ਲਈ ਮਿਥੀ ਥਾਂ ਪਿੰਡ ਕੋਠੇ ਖੰਜੂਰਾਂ ਬਾਈਪਾਸ ਤੋਂ ਹਾਈਵੇ ਨੂੰ ਜਾਂਦੀ ਸੜਕ ‘ਤੇ ਵੀਰਵਾਰ ਨੂੰ ਜਦੋਂ ਮੋਟਰ ਸਾਈਕਲ ਸਵਾਰ ਦੋਵੇਂ ਮੁਲਜ਼ਮ ਆਏ ਤਾਂ ਪੁਲੀਸ ਨੇ ਉਥੇ ਪਹਿਲਾਂ ਹੀ ਛਾਲ ਵਿਛਾਇਆ ਹੋਇਆ ਸੀ। ਸੀ.ਆਈ.ਏ. ਸਟਾਫ਼ ਨੇ ਪੁਲੀਸ ਅਧਿਕਾਰੀ ਦੀ ਅਗਵਾਈ ਹੇਠ ਇਲਾਕੇ ਨਾਕਾਬੰਦੀ ‘ਚ ਕੀਤੀ ਹੋਈ ਸੀ। ਜਿਵੇਂ ਹੀ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀ ਫਿਰੌਤੀ ਦੀ ਰਕਮ ਲੈਣ ਆਏ ਤਾਂ ਪੁਲੀਸ ਨੇ ਉਨ੍ਹਾਂ ਨੂੰ ਘੇਰ ਲਿਆ। ਵੇਰਵਿਆਂ ਮੁਤਾਬਕ ਪੁਲੀਸ ਨੂੰ ਦੇਖ ਕੇ ਮੁਲਜ਼ਮਾਂ ਨੇ ਪੁਲੀਸ ‘ਤੇ ਹੀ ਗੋਲੀ ਚਲਾਈ ਅਤੇ ਜਵਾਬ ‘ਚ ਪੁਲੀਸ ਵੱਲੋਂ ਚਲਾਈ ਗੋਲੀ ਮੋਟਰ ਸਾਈਕਲ ਦੇ ਪਿੱਛੇ ਬੈਠੇ ਮੁਲਜ਼ਮ ਦੀ ਲੱਤ ‘ਚ ਲੱਗੀ ਅਤੇ ਉਹ ਮੋਟਰ ਸਾਈਕਲ ਤੋਂ ਥੱਲੇ ਡਿੱਗ ਪਿਆ, ਜਿਸ ਨੂੰ ਪੁਲੀਸ ਨੇ ਕਾਬੂ ਕਰ ਲਿਆ। ਮੋਟਰ ਸਾਈਕਲ ਚਲਾ ਰਿਹਾ ਦੂਜਾ ਮੁਲਜ਼ਮ ਭੱਜਣ ‘ਚ ਕਾਮਯਾਬ ਰਿਹਾ। ਗੋਲੀ ਲੱਗਣ ਨਾਲ ਜ਼ਖਮੀ ਹੋਏ ਮੁਲਜ਼ਮ ਨੂੰ ਜਗਰਾਉਂ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਲਿਜਾਇਆ ਗਿਆ ਹੈ। ਪੁਲੀਸ ਅਧਿਕਾਰੀ ਹਾਲੇ ਇਸ ਮਾਮਲੇ ‘ਚ ਹੋਰ ਜਾਣਕਾਰੀ ਦੇਣ ਲਈ ਤਿਆਰ ਨਹੀਂ ਪਰ ਇਸ ਸਬੰਧੀ ਮਾਮਲਾ ਚਰਜ ਕਰ ਲਿਆ ਗਿਆ ਹੈ। ਇਸ ਸਬੰਧੀ ਪੜਤਾਲ ਜਾਰੀ ਹੈ ਅਤੇ ਜਲਦ ਹੀ ਉੱਚ ਪੁਲੀਸ ਅਧਿਕਾਰੀਆਂ ਵੱਲੋਂ ਪ੍ਰੈੱਸ ਕਾਨਫਰੰਸ ‘ਚ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ। ਉਂਝ ਮਿਲੀ ਜਾਣਕਾਰੀ ਮੁਤਾਬਕ ਜਿਸ ਮੁਲਜ਼ਮ ਦੀ ਲੱਤ ‘ਚ ਗੋਲੀ ਲੱਗੀ ਹੈ ਉਹ ਤਲਵੰਡੀ ਭਾਈ ਨੇੜਲੇ ਇਕ ਪਿੰਡ ਨਾਲ ਸਬੰਧਤ ਜਗਤਾਰ ਸਿੰਘ ਹੈ। ਉਸ ਤੋਂ ਪੁੱਛਗਿੱਛ ‘ਚ ਅਹਿਮ ਖੁਲਾਸੇ ਹੋਣਗੇ ਅਤੇ ਇਹ ਵੀ ਪਤਾ ਲੱਗ ਜਾਵੇਗਾ ਕਿ ਫਿਰੌਤੀਆਂ ਕੈਨੇਡਾ ਬੈਠੇ ਅਰਸ਼ ਡਾਲਾ ਵੱਲੋਂ ਮੰਗੀਆਂ ਜਾਂਦੀਆਂ ਹਨ ਜਾਂ ਕੁਝ ਲੋਕ ਆਪਣੇ ਪੱਧਰ ‘ਤੇ ਗੈਂਗਸਟਰਾਂ ਦਾ ਨਾਂ ਵਰਤ ਕੇ ਵਪਾਰੀਆਂ ਤੇ ਕਾਰੋਬਾਰੀਆਂ ਤੋਂ ਡਰਾ-ਧਮਕਾ ਕੇ ਫਿਰੌਤੀਆਂ ਵਸੂਲ ਰਹੇ ਹਨ। ਕਾਬਲੇਗੌਰ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਾਰੋਬਾਰੀਆਂ ਨੂੰ ਲਗਾਤਾਰ ਗੈਂਗਸਟਰਾਂ ਦੇ ਨਾਂ ‘ਤੇ ਫਿਰੌਤੀਆਂ ਲਈ ਫੋਨ ਕਾਲਾਂ ਆ ਰਹੀਆਂ ਹਨ। ਕੁਝ ਵਪਾਰੀ ਤਾਂ ਚੁੱਪ-ਚੁਪੀਤੇ ਫਿਰੌਤੀ ਦੀ ਰਕਮ ਦੇ ਵੀ ਚੁੱਕੇ ਹਨ। ਹਾਲ ਹੀ ਦੇ ਦਿਨਾਂ ‘ਚ ਜਗਰਾਉਂ ਦੇ ਘੱਟੋ-ਘੱਟ ਚਾਰ ਵਪਾਰੀਆਂ ਨੂੰ ਅਜਿਹੀਆਂ ਫੋਨ ਕਾਲਾਂ ਆਉਣ ਦੀ ਖ਼ਬਰ ਹੈ। ਇਹ ਵੀ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਸਥਾਨਕ ਦਸਮੇਸ਼ ਨਗਰ ‘ਚ ਚਲਾਈ ਗਈ ਗੋਲੀ ਦਾ ਸਬੰਧ ਵੀ ਫਿਰੌਤੀ ਨਾਲ ਜੁੜਿਆ ਹੋਇਆ ਹੈ।