ਇੰਡੀਆ ਸਰਕਾਰ ਵੱਲੋਂ ਗੈਂਗਸਟਰ ਤੋਂ ਅੱਤਵਾਦੀ ਐਲਾਨੇ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਭਰਾ ਬਲਦੀਪ ਸਿੰਘ ਡਾਲਾ ਕਥਿਤ ਤੌਰ ‘ਤੇ ਫਰਜ਼ੀ ਪਾਸਪੋਰਟ ‘ਤੇ ਵਿਦੇਸ਼ ਭੱਜ ਗਿਆ ਹੈ। ਇਕ ਰਿਪੋਰਟ ‘ਚ ਉਸ ਦੇ ਆਸਟਰੇਲੀਆ ‘ਚ ਹੋਣ ਦੀ ਜਦਕਿ ਦੂਸਰੀ ‘ਚ ਕੈਨੇਡਾ ‘ਚ ਹੋਣ ਦੀ ਗੱਲ ਆਖੀ ਗਈ ਹੈ। ਉਹ ਪਿਛਲੇ ਸਾਲ ਮੋਗਾ ਸਿਟੀ-1 ਥਾਣੇ ‘ਚ ਆਈ.ਪੀ.ਸੀ. ਦੀ ਧਾਰਾ 384, 386, 120-ਬੀ ਅਤੇ 506 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਇਕ ਅਪਰਾਧਿਕ ਕੇਸ ‘ਚ ਪਿਛਲੇ ਕੁਝ ਮਹੀਨਿਆਂ ਤੋਂ ਜ਼ਮਾਨਤ ‘ਤੇ ਰਿਹਾਅ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਰਾਜ ‘ਚ ਪਿਛਲੇ ਦੋ ਸਾਲਾਂ ‘ਚ ਉਸ ਖ਼ਿਲਾਫ਼ ਕੁਝ ਹੋਰ ਅਪਰਾਧਿਕ ਮਾਮਲੇ ਦਰਜ ਹਨ। ਮੋਗਾ ਦੇ ਐੱਸ.ਐੱਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਬਲਦੀਪ ਡਾਲਾ ਫਰਜ਼ੀ ਪਾਸਪੋਰਟ ‘ਤੇ ਦੇਸ਼ ਛੱਡ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸਦੇ ਖ਼ਿਲਾਫ਼ ਮਹਿਣਾ ਪੁਲੀਸ ਥਾਣਾੇ ‘ਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦਾ ਭਰਾ ਅਰਸ਼ਦੀਪ ਡਾਲਾ, ਪਿਤਾ ਚਰਨਜੀਤ ਸਿੰਘ ਗਿੱਲ ਅਤੇ ਕੁਝ ਹੋਰ ਜਿਨ੍ਹਾਂ ‘ਚ ਕਮਲਜੀਤ ਸ਼ਰਮਾ ਵੀ ਪਿੰਡ ਡਾਲਾ ਵਾਸੀ, ਹਰਦੀਪ ਸਿੰਘ ਵਾਸੀ ਪਿੰਡ ਰੌਂਤਾ, ਰਾਮ ਸਿੰਘ ਵਾਸੀ ਘੱਲ ਖੁਰਦ, ਦੀਪਕ ਸ਼ਰਮਾ ਵਾਸੀ ਪਿੰਡ ਡਾਲਾ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਜ਼ਮਾਨਤ ਮਿਲਣ ਤੋਂ ਬਾਅਦ ਉਸ ਨੇ ਕੁਝ ਵਿਅਕਤੀਆਂ ਦੀ ਮਦਦ ਨਾਲ ਜਾਅਲੀ ਪਾਸਪੋਰਟ ਬਣਾਉਣ ਲਈ ਦਸਤਾਵੇਜ਼ ਤਿਆਰ ਕੀਤੇ, ਜਿਨ੍ਹਾਂ ‘ਤੇ ਪੁਲੀਸ ਨੇ ਮੁਕੱਦਮਾ ਦਰਜ ਕੀਤਾ ਸੀ ਅਤੇ ਦੇਸ਼ ਛੱਡ ਕੇ ਭੱਜ ਗਿਆ ਸੀ। 2021 ‘ਚ ਉਸਨੂੰ ਮੋਗਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇਕ ਖੇਤਰ ਤੋਂ ਉਸਦੇ ਖੁਲਾਸੇ ‘ਤੇ ਚਾਰ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਸਨ। ਫਿਰੌਤੀ ਵਸੂਲਣ ਸਮੇਤ ਹੋਰ ਮਾਮਲੇ ਉਸ ਵਿਰੁੱਧ ਦਰਜ ਹਨ। ਇਸ ਤੋਂ ਪਹਿਲਾਂ ਵੀ ਉਸ ਨੇ ਫਰਜ਼ੀ ਪਾਸਪੋਰਟ/ਵੀਜ਼ੇ ‘ਤੇ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਪਿਛਲੇ ਸਾਲ 27 ਅਗਸਤ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਨਵੀਂ ਦਿੱਲੀ ਤੋਂ ਹਿਰਾਸਤ ‘ਚ ਲਿਆ ਗਿਆ ਸੀ। ਬਾਅਦ ‘ਚ ਏਅਰਪੋਰਟ ਅਧਿਕਾਰੀਆਂ ਵੱਲੋਂ ਉਸ ਨੂੰ ਮੋਗਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲੀਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਲਦੀਪ ਆਪਣੇ ਭਰਾ ਅਰਸ਼ਦੀਪ ਡਾਲਾ ਦੇ ਲਗਾਤਾਰ ਸੰਪਰਕ ‘ਚ ਸੀ ਅਤੇ ਆਪਣੇ ਭਰਾ ਦੇ ਨਿਰਦੇਸ਼ਾਂ ‘ਤੇ ਦੇਸ਼ ‘ਚ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ। ਇਹ ਵੀ ਦੱਸਿਆ ਗਿਆ ਕਿ ਅਰਸ਼ ਡਾਲਾ ਵੀ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਪਾਸਪੋਰਟ ਬਣਵਾ ਕੇ ਵਿਦੇਸ਼ ਪਹੁੰਚਿਆ ਸੀ।