ਸੋਮਵਾਰ ਨੂੰ ਦਿਨ ਚੜ੍ਹਦਿਆਂ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਜੁੜੇ ਵੱਡੇ ਗੈਂਗਸਟਰਾਂ ਸਣੇ ਲਗਭਗ 50 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਐੱਨ.ਆਈ.ਏ. ਵਲੋਂ ਪੰਜਾਬ ਤੋਂ ਇਲਾਵਾ ਦਿੱਲੀ, ਹਿਮਾਚਲ, ਹਰਿਆਣਾ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਗੈਂਗਸਟਰਾਂ ਦੇ ਘਰਾਂ ‘ਚ ਛਾਪੇਮਾਰੀ ਕੀਤੀ ਗਈ। ਐੱਨ.ਆਈ.ਏ. ਵਲੋਂ ਅਚਾਨਕ ਕੀਤੀ ਗਈ ਇਸ ਵੱਡੀ ਕਾਰਵਾਈ ਤੋਂ ਬਾਅਦ ਗੈਂਗਸਟਰਾਂ ਨੂੰ ਭਾਜੜਾਂ ਪੈ ਗਈਆਂ ਹਨ। ਕੈਨੇਡਾ ਰਹਿੰਦ ਗੋਲਡੀ ਬਰਾੜ ਦੇ ਮੁਕਤਸਰ ਵਿਚਲੇ ਘਰ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਸੁਖਪ੍ਰੀਤ ਬੁੱਢਾ, ਗੈਂਗਸਟਰ ਸਰਦੂਲ ਸਿੰਘ ਸੁੱਖਾ ਦੁਨੇਕੇ ਸਮੇਤ ਪੰਜਾਬ ਦੇ ਲਗਭਗ ਸਾਰੇ ਵੱਡੇ-ਛੋਟੇ ਗੈਂਗਸਟਰਾਂ ਦੇ ਘਰਾਂ ‘ਤੇ ਤਾਬੜਤੋੜ ਛਾਪੇਮਾਰੀ ਕੀਤੀ ਗਈ। ਜਗਰਾਉਂ ਨੇੜਲੇ ਪਿੰਡ ਡੱਲਾ ਵਿਖੇ ਵੀ ਐੱਨ.ਆਈ.ਏ. ਟੀਮ ਪੁੱਜੀ ਜਿਸ ਨੇ ਕੈਨੇਡਾ ਰਹਿੰਦੇ 30 ਸਾਲਾ ਗੁਰਪਿਆਰ ਸਿੰਘ ਪੁੱਤਰ ਮਰਹੂਮ ਸੁਰਜੀਤ ਸਿੰਘ ਦੇ ਬੰਦ ਪਏ ਘਰ ਦੀ ਤਲਾਸ਼ੀ ਲਈ। ਇਸ ਤੋਂ ਇਲਾਵਾ ਖੰਨਾ ਪੁਲੀਸ ਜ਼ਿਲਾ ਅਧੀਨ ਦੋਰਾਹਾ ਦੇ ਪਿੰਡ ਰਾਜਗੜ੍ਹ ‘ਚ ਵੀ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ‘ਚ ਨੀਰਜ ਭਵਾਨਾ, ਲਾਰੈਂਸ ਬਿਸ਼ਨੋਈ ਅਤੇ ਤਾਜਪੁਰੀਆ ਗੈਂਗ ਨਾਲ ਜੁੜੇ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਇਸ਼ਾਰੇ ‘ਤੇ ਹੋਈ ਜੋ ਹੁਣ ਦੇਸ਼ ਤੋਂ ਇਲਾਵਾ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਤਿਆਰੀ ‘ਚ ਹੈ।
ਐੱਨ.ਆਈ.ਏ. ਨੇ ਸੋਮਵਾਰ ਸਵਖਤੇ ਮੁਕਤਸਰ ਸ਼ਹਿਰ ‘ਚ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ। ਐੱਨ.ਆਈ.ਏ. ਦੀ ਟੀਮ ਨੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੇ ਕੋਟਕਪੂਰਾ ਰੋਡ ‘ਤੇ ਸਥਿਤ ਘਰ ਦਾ ਨਿਰੀਖਣ ਕੀਤਾ ਅਤੇ ਕਸਬੇ ਦੇ ਬਾਗ ਵਾਲੀ ਗਲੀ ‘ਚ ਜੁੱਤੀਆਂ ਦੀ ਦੁਕਾਨ ਦੇ ਮਾਲਕ ਦੇ ਘਰ ਜਾ ਕੇ ਵੀ ਜਾਂਚ ਕੀਤੀ। ਸੂਤਰਾਂ ਨੇ ਦੱਸਿਆ ਕਿ ਐੱਨ.ਆਈ.ਏ. ਅਧਿਕਾਰੀਆਂ ਨੇ ਸਥਾਨਕ ਪੁਲੀਸ ਦੇ ਨਾਲ ਬਾਗ ਵਾਲੀ ਗਲੀ ਸਥਿਤ ਮਕਾਨ ਮਾਲਕਾਂ ਤੋਂ ਮੋਬਾਈਲ ਫ਼ੋਨ ਨੰਬਰ ਦਾ ਵੇਰਵਾ ਮੰਗਿਆ। ਪਰਿਵਾਰ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਫੋਨ ਨੰਬਰ ਦੀ ਵਰਤੋਂ ਨਹੀਂ ਕਰ ਰਹੇ ਸਨ। ਐੱਨ.ਆਈ.ਏ. ਅਧਿਕਾਰੀ ਅੱਧੇ ਘੰਟੇ ਬਾਅਦ ਉਥੋਂ ਚਲੇ ਗਏ। ਕੇਂਦਰੀ ਖੁਫੀਆ ਏਜੰਸੀਆਂ ਤੋਂ ਮਿਲੇ ਇਨਪੁੱਟ ਤੋਂ ਬਾਅਦ ਦਿੱਲੀ ਤੋਂ ਪੁੱਜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਮੁਕਤਸਰ ਦੇ ਦੋ ਘਰਾਂ ‘ਚ ਛਾਪੇਮਾਰੀ ਕੀਤੀ। ਇਨ੍ਹਾਂ ‘ਚ ਇਕ ਬੂਟ ਵੇਚਣ ਵਾਲੇ ਦੁਕਾਨਦਾਰ ਦਾ ਘਰ ਤੇ ਦੂਜਾ ਗੈਂਗਸਟਰ ਗੋਲਡੀ ਬਰਾੜ ਦਾ ਘਰ ਸ਼ਾਮਲ ਹੈ। ਟੀਮ ਜ਼ਿਲ੍ਹਾ ਪੁਲੀਸ ਦੇ ਨਾਲ ਸਭ ਤੋਂ ਪਹਿਲਾਂ ਬਾਗਵਾਲੀ ਗਲੀ ਸਥਿਤ ਪਿੱਪਲ ਵਾਲੀ ਲਿੰਕ ਗਲੀ ‘ਚ ਇਕ ਬੂਟ ਵੇਚਣ ਵਾਲੇ ਦੇ ਘਰ ਪਹੁੰਚੀ ਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਦੱਸਿਆ ਜਾਂਦਾ ਹੈ ਕਿ ਪਰਿਵਾਰ ਦੇ ਮੁਖੀ ਕੋਲ ਚਾਰ ਸਾਲ ਪਹਿਲਾਂ ਬੀ.ਐੱਸ.ਐੱਨ.ਐੱਲ. ਕੰਪਨੀ ਦਾ ਮੋਬਾਈਲ ਨੰਬਰ ਹੁੰਦਾ ਸੀ ਜਿਸ ਨੂੰ ਉਸਨੇ ਬੰਦ ਕਰਵਾ ਦਿੱਤਾ ਸੀ। ਪਰ ਇਹ ਨੰਬਰ ਬਾਅਦ ‘ਚ ਕਿਸੇ ਨੇ ਦੁਬਾਰਾ ਜਾਰੀ ਕਰਵਾ ਲਿਆ। ਕਿਹਾ ਜਾ ਰਿਹਾ ਹੈ ਕਿ ਇਹ ਕਿਸੇ ਗੈਂਗਸਟਰ ਦੇ ਕੋਲ ਚੱਲ ਰਿਹਾ ਹੈ।
ਇਸ ਉਪਰੰਤ ਟੀਮ ਗੈਂਗਸਟਰ ਗੋਲਡੀ ਬਰਾੜ ਦੇ ਹਸਪਤਾਲ ਨੇੜੇ ਸਥਿਤ ਘਰ ਪਹੁੰਚ ਗਈ ਜਿੱਥੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ। ਗੈਂਗਸਟਰ ਗੋਲਡੀ ਬਰਾੜ ਦਾ ਪਰਿਵਾਰ ਮੁਕਤਸਰ ‘ਚ ਰਹਿੰਦਾ ਹੈ। ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲੀਸ ‘ਚ ਏ.ਐੱਸ.ਆਈ. ਸਨ ਜਿਨ੍ਹਾਂ ਨੂੰ ਸਾਲ 2021 ‘ਚ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਨੇ ਗੋਲਡੀ ਬਰਾੜ ਨੂੰ ਬੇਦਖਲ ਕੀਤਾ ਹੋਇਆ ਹੈ। ਇਸੇ ਦੌਰਾਨ ਬਟਾਲਾ ਨੇੜਲੇ ਪਿੰਡ ਭਗਵਾਨਪੁਰਾ ਦੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਘਰ ਵੀ ਐੱਨ.ਆਈ.ਏ. ਦੀ ਟੀਮ ਨੇ ਛਾਪਾ ਮਾਰਿਆ ਹੈ। ਕਰੀਬ 9.30 ਵਜੇ ਐੱਨ.ਆਈ.ਏ. ਦੀ ਟੀਮ ਜਿਸ ‘ਚ ਕਰੀਬ 80 ਟੀਮ ਮੈਂਬਰ ਸ਼ਾਮਲ ਸਨ, ਵੱਲੋਂ ਪੂਰੇ ਭਗਵਾਨਪੁਰਾ ਪਿੰਡ ਨੂੰ ਘੇਰ ਲਿਆ ਗਿਆ ਤੇ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ ਦੇ ਘਰ ਦੀ ਤਲਾਸ਼ੀ ਲਈ ਗਈ। ਕੋਟਕਪੂਰਾ ਕਸਬੇ ‘ਚ ਵੀ ਟੀਮ ਨੇ ਛਾਪੇਮਾਰੀ ਕੀਤੀ। ਇਕ ਫੈਕਟਰੀ ‘ਚ 3 ਘੰਟੇ ਦੀ ਤਲਾਸ਼ੀ ਤੋਂ ਬਾਅਦ ਟੀਮ ਗੈਂਗਸਟਰ ਵਿਨੈ ਦਿਓੜਾ ਦੇ ਘਰ ਪਹੁੰਚੀ। ਮੁਹਾਲੀ ‘ਚ ਖੁਫੀਆ ਵਿੰਗ ਦੇ ਹੈੱਡਕੁਆਰਟਰ ‘ਤੇ ਹਮਲੇ ਦੀ ਜਾਂਚ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਐੱਨ.ਆਈ.ਏ. ਟੀਮ ਨੇ ਲੁਧਿਆਣਾ ਦੇ ਦੋਰਾਹਾ ਦੇ ਪਿੰਡ ਰਾਜਗੜ੍ਹ ‘ਚ ਵੀ ਛਾਪੇਮਾਰੀ ਕੀਤੀ। ਟੀਮ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਰਵੀ ਰਾਜਗੜ੍ਹ ਦੇ ਘਰ ਛਾਪਾ ਮਾਰਿਆ। ਇਸ ਤੋਂ ਇਲਾਵਾ ਖੰਨਾ ਦੇ ਇਕ ਹੋਟਲ ‘ਚ ਵੀ ਸਰਚ ਆਪਰੇਸ਼ਨ ਕੀਤਾ। ਐੱਨ.ਆਈ.ਏ. ਦੀ ਟੀਮ ਨੇ ਸੋਮਵਾਰ ਤੜਕੇ ਗੈਂਗਸਟਰ ਸ਼ੁਭਮ ਦੇ ਘਰ ਦਾ ਦਰਵਾਜ਼ਾ ਵੀ ਖੜਕਾਇਆ।
ਇਕ ਹੋਰ ਖ਼ਬਰ ਅਨੁਸਾਰ ਗੈਂਗਸਟਰ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ ਦੀ ਪਿੰਡ ਭਗਵਾਨਪੁਰ ਸਥਿਤ ਰਿਹਾਇਸ਼ ‘ਤੇ ਕੇਂਦਰੀ ਜਾਂਚ ਏਜੰਸੀ ਦੀ ਇਕ ਟੀਮ ਨੇ ਛਾਪਾ ਮਾਰਿਆ। ਪਤਾ ਲੱਗਾ ਹੈ ਕਿ ਘਰ ‘ਚ ਜੱਗੂ ਦੀ ਮਾਤਾ ਅਤੇ ਉਸ ਦੀ 7-8 ਸਾਲ ਦੀ ਲੜਕੀ ਹੀ ਰਹਿੰਦੀਆਂ ਹਨ। ਐਨਆਈਏ ਦੀ ਟੀਮ ਨੇ ਜਗਰਾਉਂ ਨੇੜਲੇ ਪਿੰਡ ਡੱਲਾ ਵਿੱਚ ਅੱਜ ਸਵੇਰੇ ਛਾਪਾ ਮਾਰਿਆ। ਟੀਮ ਕੈਨੇਡਾ ਰਹਿੰਦੇ ਗੁਰਪਿਆਰ ਸਿੰਘ (30) ਪੁੱਤਰ ਮਰਹੂਮ ਸੁਰਜੀਤ ਸਿੰਘ ਦੇ ਘਰ ਦੀ ਚੈਕਿੰਗ ਕਰਨੀ ਚਾਹੁੰਦੀ ਸੀ ਪਰ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ। ਗੁਰਪਿਆਰ ਦੀ ਮਾਂ ਵੀ ਕੈਨੇਡਾ ਵਿੱਚ ਹੋਣ ਕਾਰਨ ਘਰ ਵਿੱਚ ਕੋਈ ਨਹੀਂ ਰਹਿੰਦਾ। ਟੀਮ ਨੇ ਗੁਆਂਢੀਆਂ ਤੋਂ ਘਰ ਦੀ ਚਾਬੀ ਬਾਰੇ ਪਤਾ ਕੀਤਾ ਤੇ ਉਨ੍ਹਾਂ ਨੂੰ ਚਾਬੀ ਮਿਲ ਗਈ। ਟੀਮ ਨੇ ਘਰ ਦੇ ਜਿੰਦਰੇ ਖੋਲ੍ਹ ਕੇ ਤਲਾਸ਼ੀ ਲਈ। ਸਾਬਕਾ ਸਰਪੰਚ ਚੰਦ ਸਿੰਘ ਡੱਲਾ ਨੇ ਦੱਸਿਆ ਕਿ ਗੁਰਪਿਆਰ 6 ਕੁ ਸਾਲ ਪਹਿਲਾਂ ਵਿਆਹ ਕਰਵਾ ਕੇ ਕੈਨੇਡਾ ਗਿਆ ਸੀ। ਪਤਾ ਲੱਗਾ ਹੈ ਕਿ ਕੈਨੇਡਾ ਵਿੱਚ ਉਸ ਦਾ ਰਾਬਤਾ ਕਿਸੇ ਗੈਂਗਸਟਰ ਗਰੁੱਪ ਨਾਲ ਸੀ, ਜਿਸ ਕਰਕੇ ਐਨਆਈਏ ਟੀਮ ਇਥੇ ਪੁੱਜੀ ਸੀ। ਜ਼ਿਕਰਯੋਗ ਹੈ ਕਿ ਇਥੇ ਰਹਿੰਦੇ ਸਮੇਂ ਵੀ ਗੁਰਪਿਆਰ ਖਿਲਾਫ਼ ਕੁਝ ਕੇਸ ਦਰਜ ਸਨ। ਐੱਨ.ਆਈ.ਏ. ਨੇ ਅੱਜ ਸਵੱਖਤੇ ਹੀ ਘਨੌਰ ਖੇਤਰ ਦੇ ‘ਕ ਪਿੰਡ ‘ਚ ਛਾਪਾ ਮਾਰਿਆ ਤੇ ਦੋ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ।
ਕੈਨੇਡਾ ਰਹਿੰਦੇ ਗੋਲਡੀ ਬਰਾੜ ਦੇ ਘਰ ਸਮੇਤ ਐੱਨ.ਆਈ.ਏ. ਵੱਲੋਂ ਪੰਜਾਬ ‘ਚ ਕਈ ਥਾਵਾਂ ‘ਤੇ ਛਾਪੇ
Related Posts
Add A Comment