ਕਾਂਗਰਸ ਦੇ ਦਿੱਗਜ਼ ਆਗੂ ਅਤੇ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਇਕ ਵਿਧਾਇਕ ਬਣੇ ਗੁਰਪ੍ਰੀਤ ਗੋਗੀ ਨੂੰ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਧਮਕੀਆਂ ਭਰੇ ਫੋਨ ਆ ਰਹੇ ਹਨ। ਵਿਧਾਇਕ ਗੋਗੀ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਇਸ ਤੋਂ ਬਾਅਦ ਵਿਧਾਇਕ ਨੇ ਇਸ ਦੀ ਸ਼ਿਕਾਇਤ ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਨੂੰ ਦਿੱਤੀ ਹੈ। ਵਿਧਾਇਕ ਗੋਗੀ ਨੇ ਸ਼ਿਕਾਇਤ ‘ਚ ਦੱਸਿਆ ਕਿ ਪਿਛਲੇ 12 ਦਿਨਾਂ ਤੋਂ ਲਗਾਤਾਰ ਉਨ੍ਹਾਂ ਨੂੰ ਵਟਸਐਪ ‘ਤੇ ਧਮਕੀਆਂ ਭਰੇ ਫੋਨ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਫੋਨ ਵਿਦੇਸ਼ੀ ਨੰਬਰਾਂ ਤੋਂ ਆ ਰਹੇ ਹਨ। ਫੋਨ ਕਰਨ ਵਾਲਾ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਦੱਸ ਰਿਹਾ ਹੈ ਤੇ ਕਦੇ ਗੋਲਡੀ ਬਰਾੜ ਦਾ ਬੰਦਾ ਦੱਸਦਾ ਹੈ। ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲਾ 25 ਲੱਖ ਰੁਪਏ ਫਿਰੌਤੀ ਮੰਗ ਰਿਹਾ ਹੈ। ਉਹ ਆਖ ਰਿਹਾ ਹੈ ਕਿ 25 ਲੱਖ ਰੁਪਏ ਦਾ ਇੰਤਜ਼ਾਮ ਕਰ ਕੇ ਰੱਖੋ ਨਹੀਂ ਤਾਂ ਤੁਹਾਡਾ ਹਾਲ ਵੀ ਸਿੱਧੂ ਮੂਸੇਵਾਲੇ ਵਰਗਾ ਕੀਤਾ ਜਾਵੇਗਾ। ਵਿਧਾਇਕ ਗੋਗੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲੀਸ ਕਮਿਸ਼ਨਰ ਲੁਧਿਆਣਾ ਨੂੰ ਕਰ ਦਿੱਤੀ ਹੈ। ਵਿਧਾਇਕ ਨੇ ਕਿਹਾ ਕਿ ਉਹ ਇਸ ਤਰ੍ਹਾਂ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਸੂਬੇ ‘ਚ ਗੈਂਗਸਟਰਾਂ ਤੇ ਨਸ਼ੇ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਪੂਰਾ ਸਹਿਯੋਗ ਕਰਨਗੇ। ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾ ਰਹੇ ਹਨ।